ਪਾਰਟੀ 'ਚ ਪਹੁੰਚੇ ਸਾਧੂ ਸਿੰਘ ਧਰਮਸੋਤ ਭੁੱਲੇ ਕੋਰੋਨਾ ਨਿਯਮ, ਉਡਾਈਆਂ ਨਿਯਮਾਂ ਦੀਆਂ ਧੱਜੀਆਂ
ਜੇ ਖੁਸ਼ੀ ਦੇ ਸਮਾਗਮ ਵਿਚ 10 ਵਿਅਕਤੀ ਇਕੱਠੇ ਹੋ ਵੀ ਜਾਂਦੇ ਹਨ- ਇਹਦੇ ’ਚ ਕੀ ਵੱਡੀ ਗੱਲ ਹੋ ਗਈ? - ਧਰਮਸੋਤ
ਸੰਗਰੂਰ: ਪੰਜਾਬ ਸਰਕਾਰ ਦੇ ਆਪਣੇ ਹੀ ਮੰਤਰੀ ਕੋਰੋਨਾ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਸੂਬੇ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਆਹ ਸਮਾਰੋਹ ’ਚ ਪੁੱਜ ਕੇ ਕੋਵਿਡ ਨਿਯਮਾਂ ਦੀ ਉਲੰਘਣਾ ਕੀਤੀ ਹੈ। ਕੋਰੋਨਾ ਵਾਇਰਸ ਦੀ ਲਾਗ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਲਾਈਆਂ ਸਖ਼ਤ ਪਾਬੰਦੀਆਂ ਕਾਰਨ ਵਿਆਹ ਸਮਾਰੋਹ ’ਚ 10 ਵਿਅਕਤੀਆਂ ਤੋਂ ਵੱਧ ਇਕੱਠ ਕਰਨ ਉੱਤੇ ਪਾਬੰਦੀ ਲਗਾਈ ਗਈ ਸੀ।
ਮੰਤਰੀ ਆਪਣੇ ਨਾਲ 10 ਤੋਂ ਜ਼ਿਆਦਾ ਪੁਲਿਸ ਵਾਲੇ ਲੈ ਕੇ ਪੁੱਜ ਗਏ। ਉੱਥੇ ਉਨ੍ਹਾਂ ਨਾ ਤਾਂ ਆਪ ਮਾਸਕ ਪਹਿਨਿਆ ਤੇ ਨਾ ਹੀ ਹੋਰ ਕਿਸੇ ਨੇ। ਮੰਤਰੀ ਧਰਮਸੋਤ ਸੰਗਰੂਰ ’ਚ ਪੰਜਾਬ ਸਰਕਾਰ ਵੱਲੋਂ ‘ਕੋਰੋਨਾ ਮਿਸ਼ਨ ਫ਼ਤਿਹ-2’ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪੁੱਜੇ ਸਨ। ਉਸ ਤੋਂ ਬਾਅਦ ਉਹ ਇੱਕ ਵਿਆਹ ਸਮਾਰੋਹ ’ਚ ਸ਼ਾਮਲ ਹੋਏ। ਉੱਥੇ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਸੁਆਲ ਕੀਤਾ, ਤਾਂ ਉਨ੍ਹਾਂ ਕਿਹਾ ਕਿ ਜੇ ਖੁਸ਼ੀ ਦੇ ਸਮਾਗਮ ਵਿਚ 10 ਵਿਅਕਤੀ ਇਕੱਠੇ ਹੋ ਵੀ ਜਾਂਦੇ ਹਨ- ਇਹਦੇ ’ਚ ਕੀ ਵੱਡੀ ਗੱਲ ਹੋ ਗਈ? ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਇਸ ਸਮਾਗਮ ਵਿਚ ਕੱਲੇ ਆਏ ਹਨ।
ਇਸ ਮਾਮਲੇ ਦਾ ਵਿਅੰਗਤਮਕ ਪੱਖ ਇਹ ਵੀ ਹੈ ਕਿ ਪਹਿਲਾਂ ਜਿਹੜਾ ਸਰਕਾਰੀ ਸਮਾਰੋਹ ਹੋਇਆ ਸੀ, ਉੱਥੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਸੀ ਕਿ ਲੋਕ ਇਹ ਨਾ ਸਮਝਣ ਕਿ ਉਹ ਇਕੱਠ ਕਰਕੇ ਬੈਠਣਗੇ ਤੇ ਉਨ੍ਹਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ। ਫਿਰ ਬਾਅਦ ’ਚ ਆਪ ਹੀ ਕੋਵਿਡ ਰੋਕਥਾਮ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਕਰ ਦਿੱਤੀ। ਪੱਤਰਕਾਰਾਂ ਨੇ ਮੰਤਰੀ ਤੋਂ ਪੁੱਛਿਆ ਕਿ ਕੀ ਤੁਹਾਡੇ ਵਿਰੁੱਧ ਕਾਰਵਾਈ ਕਰਨ ਵਾਲਾ ਕੋਈ ਨਹੀਂ ਪਰ ਉਸ ਸਮੇਂ ਮੰਤਰੀ ਕੋਲ ਪੱਤਰਕਾਰਾਂ ਦੇ ਸੁਆਲਾਂ ਦਾ ਕੋਈ ਜੁਆਬ ਨਹੀਂ ਸੀ।