ਕਿਸਾਨਾਂ ਦਾ ਕੈਪਟਨ ਦੇ ਮਹਿਲ ਵੱਲ ਕੂਚ, ਤਿੰਨ ਦਿਨ ਹਜ਼ਾਰਾਂ ਕਿਸਾਨ ਪਟਿਆਲਾ 'ਚ ਲਗਾਉਣਗੇ ਡੇਰੇ
ਕਿਸਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਸਰਕਾਰ ਦੇ ਵਾਅਦੇ ਪੂਰੇ ਕਰਨ ਲਈ ਸੂਬਾ ਸਰਕਾਰ ‘ਤੇ ਦਬਾਅ ਪਾਉਣਗੇ।
ਪਟਿਆਲਾ: ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਕੋਰੋਨਾ ਦੀ ਜੰਗ 'ਚ ਕੈਪਟਨ ਸਰਕਾਰ ਦੇ ਅਸਫਲ ਰਹਿਣ ਤੇ ਅਧੂਰੇ ਵਾਅਦਿਆਂ ਵਿਰੁੱਧ ਅੱਜ ਤੋਂ 3 ਰੋਜ਼ਾ ਰੋਸ ਪ੍ਰਦਰਸ਼ਨ ਕਰਨ ਜਾ ਰਹੀ ਹੈ। ਅੱਜ ਤੋਂ ਹਜ਼ਾਰਾਂ ਕਿਸਾਨ ਪਟਿਆਲਾ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਧਰਨੇ ‘ਤੇ ਬੈਠਣਗੇ। ਇਸ ਮੌਕੇ ਪੁਲਿਸ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।ਇਸ ਦੌਰਾਨ ਕਿਸਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਸਰਕਾਰ ਦੇ ਵਾਅਦੇ ਪੂਰੇ ਕਰਨ ਲਈ ਸੂਬਾ ਸਰਕਾਰ ‘ਤੇ ਦਬਾਅ ਪਾਉਣਗੇ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾ) ਦੇ ਮੁਖੀ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਅਜਿਹਾ ਕੁਝ ਨਹੀਂ ਕੀਤਾ ਜੋ ਕੋਰੋਨਾ ਤੋਂ ਬਚਾਅ ਲਈ ਕਰਨਾ ਚਾਹੀਦਾ ਸੀ। ਖੇਤੀ ਕਾਨੂੰਨਾਂ ਤੋਂ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਜੋ ਕਦਮ ਚੁੱਕਣੇ ਚਾਹੀਦੇ ਸੀ, ਉਹ ਨਹੀਂ ਚੁੱਕੇ ਗਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡ ਵਿਚ ਸਿਹਤ ਸਹੂਲਤਾਂ ਦਾ ਪ੍ਰਬੰਧ ਨਹੀਂ। ਪੰਜਾਬ ਸਰਕਾਰ ਨੇ ਕੋਰੋਨਾ ਤੋਂ ਬਚਾਅ ਲਈ ਕੋਈ ਤਿਆਰੀ ਨਹੀਂ ਕੀਤੀ। ਲੋਕ ਪਿੰਡਾਂ ਤੇ ਸ਼ਹਿਰਾਂ ਵਿੱਚ ਮਰ ਰਹੇ ਹਨ। ਹਸਪਤਾਲਾਂ ਵਿੱਚ ਨਾ ਤਾਂ ਦਵਾਈਆਂ ਹਨ ਤੇ ਨਾ ਹੀ ਕਾਫ਼ੀ ਸਟਾਫ ਹੈ।
ਸੂਬਾ ਸਰਕਾਰ 'ਤੇ ਵਰ੍ਹਦਿਆਂ ਜੋਗਿੰਦਰ ਸਿੰਘ ਨੇ ਅੱਗੇ ਕਿਹਾ ਕਿ ਸਰਕਾਰ ਦਾ ਧਿਆਨ ਸਿਰਫ ਲੌਕਡਾਊਨ 'ਤੇ ਹੈ। ਜਦੋਂਕਿ ਸਰਕਾਰ ਕੋਰੋਨਾ ਨੂੰ ਰੋਕਣ ਲਈ ਹਸਪਤਾਲਾਂ ਵਿੱਚ ਸਟਾਫ ਤੇ ਦਵਾਈਆਂ ਦਾ ਪ੍ਰਬੰਧ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਟੋਲ ਪਲਾਜ਼ਾ ਤੇ ਭਾਜਪਾ ਨੇਤਾਵਾਂ ਦੇ ਘਰਾਂ ਦੇ ਬਾਹਰ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ।
ਇਸੇ ਗਿਣਤੀ ਵਿੱਚੋਂ 2000 ਕਿਸਾਨ ਅੱਜ ਤੋਂ ਮੁੱਖ ਮੰਤਰੀ ਕੈਪਟਨ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣਗੇ। ਇਸ ਹੜਤਾਲ ਵਿੱਚ ਕੋਰੋਨਾ ਨੂੰ ਰੋਕਣ ਲਈ ਸਮਾਜਿਕ ਦੂਰੀ ਦੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚਾਹੇ ਕਾਂਗਰਸ ਹੋਵੇ ਜਾਂ ਭਾਜਪਾ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਆਵਾਜ਼ ਖੁਦ ਉਠਾਉਣੀ ਪਵੇਗੀ। ਕਿਸਾਨ ਨੂੰ ਆਪਣੇ ਹੱਕਾਂ ਲਈ ਖੁਦ ਲੜਨਾ ਪਵੇਗਾ। ਕਿਸਾਨ ਹਮੇਸ਼ਾਂ ਆਪਣੇ ਹੱਕ ਹਾਸਲ ਕਰਨ ਲਈ ਸੰਘਰਸ਼ ਕਰਦੇ ਰਹਿਣਗੇ।