ਕਾਂਗਰਸੀ ਆਗੂ ਗੁਰਸਿਮਰਨ ਮੰਡ ਖਿਲਾਫ਼ ਸਾਢੇ 3 ਸਾਲ ਬਾਅਦ ਕੇਸ ਦਰਜ, ਪੱਗ ਨਾਲ ਰਾਜੀਵ ਗਾਂਧੀ ਦੇ ਬੁੱਤ ਤੋਂ ਕਾਲਖ਼ ਕੀਤੀ ਸੀ ਸਾਫ਼
ਅਰਬਨ ਅਸਟੇਟ ਦੁੱਗਰੀ ਦੇ ਇਕ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਹੁਣ ਪੁਲਿਸ ਨੇ ਗੁਰਸਿਮਰਨ ਮੰਡ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ
ਲੁਧਿਆਣਾ - ਕਾਂਗਰਸੀ ਆਗੂ ਗੁਰਸਿਮਰਨ ਮੰਡ ਖਿਲਾਫ਼ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ। ਇਹ ਅਪਰਾਧਿਕ ਮਾਮਲਾ ਸਾਢੇ ਤਿੰਨ ਸਾਲ ਪਹਿਲਾਂ ਵਾਪਰੀ ਇਕ ਘਟਨਾ ਵਿਚ ਦਰਜ ਕੀਤਾ ਗਿਆ ਹੈ। ਦਰਅਸਲ, ਗੁਰਸਿਮਰਨ ਮੰਡ ਨੇ ਆਪਣੀ ਪੱਗ ਲਾਹ ਕੇ ਸਲੇਮ ਟਾਬਰੀ ਦੇ ਇਕ ਪਾਰਕ ਵਿਚ ਰਾਜੀਵ ਗਾਂਧੀ ਦੇ ਬੁੱਤ 'ਤੇ ਲਗਾਈ ਗਈ ਕਾਲਖ ਨੂੰ ਅਪਣੀ ਪੱਗ ਉਤਾਰ ਕੇ ਸਾਫ਼ ਕੀਤਾ ਸੀ ਤੇ ਇਸ ਦੌਰਾਨ ਉਨ੍ਹਾਂ ਨੇ ਸਿੱਖ ਮਰਿਆਦਾ ਬਾਰੇ ਅਪਮਾਨਜਨਕ ਸ਼ਬਦ ਵੀ ਬੋਲੇ ਸਨ।
ਅਰਬਨ ਅਸਟੇਟ ਦੁੱਗਰੀ ਦੇ ਇਕ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਹੁਣ ਪੁਲਿਸ ਨੇ ਗੁਰਸਿਮਰਨ ਮੰਡ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 25 ਦਸੰਬਰ 2018 ਨੂੰ ਤਤਕਾਲੀ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਆਪਣੇ ਸਾਥੀ ਨਾਲ ਮਿਲ ਕੇ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਗਾ ਦਿੱਤੀ ਸੀ ਤੇ ਉਥੋਂ ਚਲੇ ਗਏ ਸਨ। ਇਸ ਉਪਰੰਤ ਗੁਰਸਿਮਰਨ ਮੰਡ ਨੇ ਸਭ ਤੋਂ ਪਹਿਲਾਂ ਮੌਕੇ 'ਤੇ ਪਹੁੰਚ ਕੇ ਪੱਗ ਉਤਾਰ ਕੇ ਬੁੱਤ ਤੋਂ ਕਾਲਖ ਸਾਫ਼ ਕੀਤੀ ਸੀ। ਇਸ ਤੋਂ ਬਾਅਦ ਕਈ ਕਾਂਗਰਸੀ ਆਗੂ ਅਤੇ ਸੰਸਦ ਰਵਨੀਤ ਸਿੰਘ ਬਿੱਟੂ ਵੀ ਮੌਕੇ 'ਤੇ ਪਹੁੰਚੇ ਸਨ ਤੇ ਬਾਅਦ 'ਚ ਇਸ ਬੁੱਤ ਨੂੰ ਸਾਫ਼ ਕਰਕੇ ਦੁਬਾਰਾ ਪੇਂਟ ਕੀਤਾ ਗਿਆ।
ਦੁੱਗਰੀ ਨਿਵਾਸੀ ਮਨਮੀਤ ਸਿੰਘ ਨੇ ਇਸ ਸਬੰਧੀ 12 ਜੁਲਾਈ 2021 ਨੂੰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ। ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਗੁਰਸਿਮਰਨ ਮੰਡ ਨੇ ਦਸਤਾਰ ਨਾਲ ਬੁੱਤ ਸਾਫ਼ ਕਰਕੇ ਰਾਜੀਵ ਗਾਂਧੀ ਨੂੰ ਗੁਰੂ ਸਾਹਿਬ ਤੋਂ ਉੱਪਰ ਦੱਸਿਆ ਸੀ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਭਾਸ਼ਣ ਕਾਰਨ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚੀ ਸੀ। ਸ਼ਿਕਾਇਤ ਦੇ ਨਾਲ ਮੰਡ ਦੇ ਬਿਆਨਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਵੀ ਦਰਜ ਕਰਵਾਈਆਂ ਗਈਆਂ ਸਨ।
ਪੁਲਿਸ ਨੇ ਗੁਰਸਿਮਰਨ ਸਿੰਘ ਮੰਡ ਖ਼ਿਲਾਫ਼ ਥਾਣਾ ਸਲੇਮ ਟਾਬਰੀ ਵਿੱਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਇੰਸਪੈਕਟਰ ਗਗਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ। ਮੰਡ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।