ਕੇਂਦਰ ਸਰਕਾਰ ਨੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਪੱਲਾ ਝਾੜਿਆ
ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਇਨ੍ਹਾਂ ਰਿਹਾਈਆਂ ਦੇ ਸੂਬਾ ਸਰਕਾਰਾਂ ਕੋਲ ਪਏ ਹਨ ਮਾਮਲੇ
ਚੰਡੀਗੜ੍ਹ ਸਿੱਖ ਬੰਦੀਆਂ ਦੀ ਰਿਹਾਈ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ ਅਤੇ ਕੇਂਦਰ ਸਰਕਾਰ ਨੇ ਇਸ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਸਿਰ ਪਾਉਂਦਿਆਂ ਅਪਣਾ ਪੱਲਾ ਝਾੜ ਲਿਆ ਹੈ | ਇਸ ਤਰ੍ਹਾਂ ਸਿੱਖ ਬੰਦੀਆਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਗੇਂਦ ਸੂਬਾ ਸਰਕਾਰਾਂ ਦੇ ਪਾਲੇ 'ਚ ਸੁੱਟ ਦਿਤੀ ਹੈ ਅਤੇ ਇਸ ਨਾਲ ਮਾਮਲਾ ਸੁਲਝਣ ਦੀ ਥਾਂ ਹੋਰ ਉਲਝ ਸਕਦਾ ਹੈ |
Gajendra Singh Shekhawat
ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਅੱਜ ਇਕ ਬਿਆਨ 'ਚ ਸਪੱਸ਼ਟ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ਸੂਬਾ ਸਰਕਾਰਾਂ ਕੋਲ ਲਟਕ ਰਹੇ ਹਨ ਜਦ ਕਿ ਕੇਂਦਰ ਸਰਕਾਰ ਨੇ ਤਾਂ ਰਿਹਾਈ ਦੇ ਮਾਮਲੇ ਨੂੰ ਲੈ ਕੇ 550 ਸਾਲਾ ਪ੍ਰਕਾਸ਼ ਦਿਵਸ ਮੌਕੇ ਐਲਾਨ ਕਰ ਦਿਤਾ ਸੀ ਪਰ ਉਸ ਤੋਂ ਬਾਅਦ ਰਾਜਾਂ ਨੇ ਬਣਦੀ ਕਾਰਵਾਈ ਨਹੀਂ ਕੀਤੀ | ਸ਼ੇਖਾਵਤ ਦਾ ਕਹਿਣਾ ਹੈ ਕਿ ਕੇਂਦਰ ਵਲੋਂ ਕੋਈ ਢਿੱਲ ਨਹੀਂ ਅਤੇ ਜਿਉਂ ਹੀ ਸੂਬਾ ਸਰਕਾਰਾਂ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਫ਼ਾਈਲਾਂ ਤਿਆਰ ਕਰ ਕੇ ਕੇਂਦਰ ਨੂੰ ਭੇਜੇਗੀ ਤਾਂ ਉਨ੍ਹਾਂ ਉਪਰ ਤੇਜ਼ੀ ਨਾਲ ਕਾਰਵਾਈ ਹੋਵੇਗੀ |
PM Modi
ਅਪਣੇ ਆਪ ਕੇਂਦਰ ਸਰਕਾਰ ਇਨ੍ਹਾਂ ਰਿਹਾਈਆਂ ਬਾਰੇ ਕੁੱਝ ਨਹੀਂ ਕਰ ਸਕਦੀ ਕਿਉਂਕਿ ਕੇਂਦਰ ਨਾਲ ਸਬੰਧਤ ਸਿੱਧਾ ਕੋਈ ਮਾਮਲਾ ਨਹੀਂ ਹੈ ਅਤੇ ਸਾਰੇ ਮਾਮਲੇ ਸੂਬਾ ਸਰਕਾਰਾਂ ਨਾਲ ਹੀ ਸਬੰਧਤ ਹਨ | ਭਾਵੇਂ ਕੇਂਦਰ ਸਰਕਾਰ ਨੇ ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਉਪਰ ਸੁੱਟ ਦਿਤੀ ਹੈ ਪਰ ਦਸਣਾ ਬਣਦਾ ਹੈ ਕਿ ਪਿਛਲੇ ਦਿਨਾਂ 'ਚ ਬੰਦੀ ਸਿੱਖਾਂ ਦੀ ਰਿਹਾਈ ਲਈ ਮੁਹਿੰਮ ਚਲਾ ਰਹੀ ਸਿੱਖ ਜਥੇਬੰਦੀਆਂ ਦੀ ਕੇਮਟੀ ਦੇ ਮੈਂਬਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇ ਸਨ |
BJP
ਉਨ੍ਹਾਂ ਇਸ ਮੌਕੇ ਸੂਬਾ ਸਰਕਾਰ ਵਲੋਂ ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ 'ਚ ਫ਼ੈਸਲਾ ਲੈਣ ਤੋਂ ਅਸਮਰੱਥਤਾ ਜਤਾਈ ਸੀ ਅਤੇ ਕਿਹਾ ਸੀ ਕਿ ਮਾਮਲਾ ਕੇਂਦਰ ਸਰਕਾਰ ਦੇ ਹੱਥ ਹੈ ਪਰ ਹੁਣ ਕੇਂਦਰੀ ਮੰਤਰੀ ਦੇ ਬਿਆਨ ਨਾਲ ਸਥਿਤੀ ਉਲਟ ਹੋ ਗਈ ਹੈ | ਅਕਾਲ ਤਖ਼ਤ ਦੇ ਨਿਰਦੇਸ਼ਾਂ 'ਤੇ ਸ਼੍ਰੋਮਣੀ ਕਮੇਟੀ ਵਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਬਣੀ ਵੱਖ ਵੱਖ ਗਰੁੱਪਾਂ ਦੀ ਸਾਂਝੀ ਕੇਮਟੀ ਨੇ ਵੀ ਪ੍ਰਧਾਨ ਮੰਤਰੀ ਤੋਂ ਸਮਾਂ ਮੰਗਿਆ ਹੋਇਆ ਹੈ ਅਤੇ ਇਸ ਮਾਮਲੇ 'ਤੇ ਇਸ ਮੁਲਾਕਾਤ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋ ਸਕੇਗੀ |