ਫ਼੍ਰੈਂਚ ਓਪਨ : ਗ੍ਰੈਂਡ ਸਲੈਮ ’ਚ 300ਵਾਂ ਮੁਕਾਬਲਾ ਜਿੱਤੇ ਰਾਫ਼ੇਲ ਨਡਾਲ

ਏਜੰਸੀ

ਖ਼ਬਰਾਂ, ਪੰਜਾਬ

ਫ਼੍ਰੈਂਚ ਓਪਨ : ਗ੍ਰੈਂਡ ਸਲੈਮ ’ਚ 300ਵਾਂ ਮੁਕਾਬਲਾ ਜਿੱਤੇ ਰਾਫ਼ੇਲ ਨਡਾਲ

image

ਪੈਰਿਸ, 27 ਮਈ : ਰੌਲਾਂ ਗੈਰੋ ਦੇ 13 ਵਾਰ ਦੇ ਜੇਤੂ ਸਪੇਨ ਦੇ ਰਾਫ਼ੇਲ ਨਡਾਲ ਨੇ ਅਪਣਾ 300ਵਾਂ ਗ੍ਰੈਂਡ ਸਲੈਮ ਮੁਕਾਬਲਾ ਜਿੱਤਦੇ ਹੋਏ ਫ਼੍ਰੈਂਚ ਓਪਨ ਦੇ ਤੀਜੇ ਰਾਊਂਡ ’ਚ ਪ੍ਰਵੇਸ਼ ਕਰ ਲਿਆ। ਸਪੇਨ ਦੇ ਟੈਨਿਸ ਸਟਾਰ ਨਡਾਲ ਨੇ ਕੋਰਟ ਫ਼ਿਲਿਪ ਚੈਟਰੀਅਰ ’ਚ ਹੋਏ ਮੁਕਾਬਲੇ ’ਚ ਫ੍ਰਾਂਸ ਦੇ ਕੁਰੇਂਟਿਨ ਮੁਟੇਟ ਨੂੰ ਲਗਾਤਾਰ ਸੈੱਟਾਂ ’ਚ 6-3, 6-1, 6-4 ਨਾਲ ਹਰਾਇਆ।
ਰਿਕਾਰਡ 21 ਵਾਰ ਗ੍ਰੈਂਡ ਸਲੈਮ ਦਾ ਖ਼ਿਤਾਬ ਅਪਣੇ ਨਾਂ ਕਰਨ ਵਾਲੇ ਨਡਾਲ 300 ਗ੍ਰੈਂਡ ਸਲੈਮ ਮੁਕਾਬਲੇ ਜਿੱਤਣ ਵਾਲੇ ਤੀਜੇ ਖਿਡਾਰੀ ਹਨ। ਇਸ ਤੋਂ ਪਹਿਲਾਂ ਰੋਜਰ ਫ਼ੈਡਰਰ 369 ਤੇ ਨੋਵਾਕ ਜੋਕੋਵਿਚ 324 ਗ੍ਰੈਂਡ ਸਲੈਮ ਮੁਕਾਬਲੇ ਜਿੱਤ ਚੁਕੇ ਹਨ। ਨਡਾਲ ਨੇ ਕਿਹਾ, ‘ਪਿਛਲੇ ਦੋ ਮਹੀਨੇ ਮੇਰੇ ਲਈ ਆਸਾਨ ਨਹੀਂ ਸਨ। ਸੀਜ਼ਨ ਦੀ ਸ਼ੁਰੂਆਤ ਬਿਹਤਰੀਨ, ਨਾ ਭੁੱਲਣਯੋਗ ਤੇ ਬੇਹੱਦ ਭਾਵਪੂਰਨ ਰਹੀ ਹੈ।’ 
ਉਨ੍ਹਾਂ ਕਿਹਾ, ‘ਇੰਡੀਅਨ ਵੇਲਸ ਤੋਂ ਬਾਅਦ ਮੇਰੀਆਂ ਪਸਲੀਆਂ ’ਚ ਕੱੁਝ ਸਮੱਸਿਆਵਾਂ ਹੋਣ ਕਾਰਨ ਮੈਨੂੰ ਕੋਰਟ ਤੋਂ ਦੂਰ ਰਹਿਣਾ ਪਿਆ ਸੀ, ਇਸ ਲਈ ਮੈਂ ਦਿਨ-ਬ-ਦਿਨ ਕੋਸ਼ਿਸ਼ ਕਰ ਰਿਹਾ ਹਾਂ ਤੇ ਇਸ ਨਾਲ ਮੁਕਾਬਲੇ ਜਿੱਤਣ ’ਚ ਬਹੁਤ ਮਦਦ ਮਿਲਦੀ ਹੈ। ਅੱਜ ਰਾਤ ਦੀ ਤਰ੍ਹਾਂ ਮੁਕਾਬਲੇ ਜਿੱਤਣਾ ਬਹੁਤ ਮਹੱਤਵਪੂਰਨ ਹਨ। ਇਹ ਮੈਨੂੰ ਕਲ ਮੁੜ ਅਭਿਆਸ ਕਰਨ ਤੇ ਕਲ ਤੋਂ ਬਾਅਦ ਇਕ ਹੋਰ ਮੁਕਾਬਲਾ ਖੇਡਣ ਦਾ ਮੌਕਾ ਦਿੰਦਾ ਹੈ। ਮੈਂ ਅਜੇ ਸਿਰਫ਼ ਇਸ ਗੱਲ ਤੋਂ ਖ਼ੁਸ਼ ਹਾਂ ਕਿ ਮੈਂ ਰੋਲਾਂ ਗੈਰੋ ’ਚ ਹਾਂ, ਜੋ ਇਸ ਸਾਲ ਲਈ ਸੱਭ ਤੋਂ ਮਹੱਤਵਪੂਰਨ ਟੂਰਨਾਮੈਂਟ ਹੈ।’ (ਏਜੰਸੀ)