ਮੁਹਾਲੀ : ਆਮ ਆਦਮੀ ਪਾਰਟੀ (ਆਪ) ਮਸ਼ਹੂਰ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸੀਚੇਵਾਲ ਨੂੰ ਰਾਜ ਸਭਾ ਭੇਜ ਸਕਦੀ ਹੈ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਸੀਚੇਵਾਲ ਪਹੁੰਚੇ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਪੰਜਾਬ ਦੀਆਂ ਦੋ ਰਾਜ ਸਭਾ ਸੀਟਾਂ ਲਈ 24 ਤੋਂ 31 ਮਈ ਤੱਕ ਨਾਮਜ਼ਦਗੀਆਂ ਭਰੀਆਂ ਜਾਣੀਆਂ ਹਨ। 117 'ਚੋਂ 92 ਵਿਧਾਇਕ ਹੋਣ ਕਾਰਨ ਦੋਵੇਂ ਸੀਟਾਂ 'ਆਪ' ਦੇ ਖਾਤੇ 'ਚ ਜਾਣਾ ਯਕੀਨੀ ਹੈ।
ਅਜੇ ਤੱਕ 'ਆਪ' ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਇਸ ਦਾ ਫ਼ਾਇਦਾ ਹੋ ਸਕਦਾ ਹੈ। ਹਾਲਾਂਕਿ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਜਪਾ ਨੇ ਸੀਚੇਵਾਲ ਨੂੰ ਰਾਜ ਸਭਾ ਭੇਜਣ ਦਾ ਪ੍ਰਸਤਾਵ ਕੀਤਾ ਹੋਇਆ ਹੈ।
ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੋਈ ਮੀਟਿੰਗ ਮਗਰੋਂ ਇਹ ਚਰਚਾ ਛਿੜੀ ਸੀ ਕਿ ਭਾਜਪਾ ਅਜਿਹੇ ਵਾਤਾਵਰਨ ਪ੍ਰੇਮੀ ਨੂੰ ਰਾਜ ਸਭਾ ਵਿਚ ਭੇਜਣਾ ਚਾਹੁੰਦੀ ਹੈ, ਜਿਸ ਦੇ ਕੰਮ ਦੀ ਵਿਸ਼ਵ ਵਿਚ ਸ਼ਲਾਘਾ ਹੋ ਰਹੀ ਹੋਵੇ। ਸੀਚੇਵਾਲ ਨਾਲ ਜੁੜੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਲੇ ਕਿਸੇ ਵੀ ਪਾਰਟੀ ਨੂੰ ਹਾਂ ਨਹੀਂ ਕੀਤੀ ਹੈ। ਉਹ ਰਾਜਨੀਤੀ ਵਿਚ ਉਤਰਨ ਨੂੰ ਲੈ ਕੇ ਦੁਚਿੱਤੀ ਵਿਚ ਹਨ।