Punjab News: ਮੈਂ ਉਦੋਂ ਤੱਕ ਨਹੀਂ ਥੱਕਾਂਗਾ ਜਦੋਂ ਤੱਕ ਪੰਜਾਬ 'ਚੋਂ ਅਕਾਲੀ, ਕਾਂਗਰਸ ਅਤੇ ਭਾਜਪਾ ਦਾ ਸਫ਼ਾਇਆ ਨਹੀਂ ਕਰ ਦਿੰਦਾ: ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਸੰਗਰੂਰ ਮੇਰੇ ਲਈ ਖ਼ਾਸ ਹੈ, ਧੂਰੀ ਨਾਲ ਮੇਰਾ ਜ਼ਿਆਦਾ ਪਿਆਰ ਹੈ : ਭਗਵੰਤ ਮਾਨ

Bhagwant Mann

Punjab News: ਚੰਡੀਗੜ੍ਹ -  ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ‘ਆਪ’ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਲਈ ਆਪਣੇ (ਮਾਨ) ਹਲਕੇ ਧੂਰੀ ਵਿੱਚ ਚੋਣ ਪ੍ਰਚਾਰ ਕੀਤਾ। ਜਿੱਥੇ ਉਹਨਾਂ ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲਿਆ ਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। 

ਮੈਂ ਇਕੱਲਾ ਲੜ ਰਿਹਾ ਹਾਂ, ਮੈਨੂੰ ਮਜ਼ਬੂਤ ਕਰੋ, ਮੈਨੂੰ ਸੰਸਦ ਵਿਚ 13 ਹੋਰ ਹੱਥ ਅਤੇ ਆਵਾਜ਼ ਦਿਓ: ਭਗਵੰਤ ਮਾਨ
ਮਾਨ ਨੇ ਕਿਹਾ ਕਿ ਉਹ ਤਾਨਾਸ਼ਾਹੀ, ਭਾਜਪਾ ਅਤੇ ਕੇਂਦਰ ਦੇ ਖ਼ਿਲਾਫ਼ ਇਕੱਲੇ ਲੜ ਰਹੇ ਹਨ। ਉਹ ਆਪਣੇ ਸੂਬੇ ਅਤੇ ਲੋਕਾਂ ਦੇ ਹੱਕਾਂ ਲਈ ਪੰਜਾਬ ਦੇ ਰਾਜਪਾਲ ਅਤੇ ਹਰ ਵਿਰੋਧੀ ਨਾਲ ਲੜ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਪਾਰਲੀਮੈਂਟ ਵਿੱਚ 13 ਹੋਰ ਹੱਥ ਅਤੇ ਆਵਾਜ਼ਾਂ ਦੇ ਕੇ ਮਜ਼ਬੂਤ ਬਣਾਉਣ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਲੋਕ ਕ੍ਰਾਂਤੀਕਾਰੀ ਹਨ ਅਤੇ ਮਾਨ ਨੂੰ ਉਨ੍ਹਾਂ 'ਤੇ ਪੂਰਾ ਭਰੋਸਾ ਹੈ। 

ਮਾਨ ਨੇ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ। ਉਨ੍ਹਾਂ ਕਿਹਾ ਕਿ 4 ਜੂਨ ਤੋਂ ਬਾਅਦ ਉਹ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਸੀਵਰੇਜ ਸਿਸਟਮ ਦਾ ਕੰਮ ਕਰਨਗੇ।  ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਵੀਂ ਇੰਡਸਟਰੀ ਆ ਰਹੀ ਹੈ। ਟਾਟਾ ਸਟੀਲ ਲੁਧਿਆਣਾ ਵਿੱਚ ਆਪਣਾ ਦੂਜਾ ਸਭ ਤੋਂ ਵੱਡਾ ਪਲਾਂਟ ਸਥਾਪਿਤ ਕਰ ਰਹੀ ਹੈ। ਮਾਨ ਨੇ ਦੱਸਿਆ ਕਿ ਕਿਸਾਨ ਕੈਚੱਪ ਲਈ ਪਹਿਲਾਂ ਕੰਪਨੀ ਮਹਾਰਾਸ਼ਟਰ ਦੇ ਨਾਸਿਕ ਤੋਂ ਟਮਾਟਰ ਖਰੀਦ ਦੀ ਸੀ ਪਰ ਹੁਣ ਅਸੀਂ ਉਨ੍ਹਾਂ ਨੂੰ ਕੈਚੱਪ ਬਣਾਉਣ ਲਈ 10 ਮੀਟਰਿਕ ਟਨ ਟਮਾਟਰ ਮੁਹੱਈਆ ਕਰਵਾਵਾਂਗੇ। ਉਨ੍ਹਾਂ ਦੱਸਿਆ ਕਿ ਸੰਗਰੂਰ, ਪਟਿਆਲਾ ਅਤੇ ਮਲੇਰਕੋਟਲਾ ਦੇ ਕਿਸਾਨ ਉਨ੍ਹਾਂ ਲਈ ਟਮਾਟਰਾਂ ਦੀ ਕਾਸ਼ਤ ਕਰਨਗੇ।  ਮਾਨ ਨੇ ਕਿਹਾ ਕਿ ਇਸ ਨਾਲ ਕਣਕ-ਝੋਨੇ ਦਾ ਚੱਕਰ ਟੁੱਟੇਗਾ ਅਤੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ। 

ਭਗਵੰਤ ਮਾਨ ਦਾ ਅਕਾਲੀ ਦਲ ਤੇ ਸੁਖਬੀਰ ਬਾਦਲ 'ਤੇ ਹਮਲਾ

ਮਾਨ ਨੇ ਸੁਖਬੀਰ ਬਾਦਲ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਏ.ਸੀ. ਵਿੱਚ ਰਹਿਣ ਵਾਲੇ ਲੋਕ ਹਨ। ਉਹ ਤਾਪਮਾਨ ਪੁੱਛ ਕੇ ਬਾਹਰ ਆਉਂਦੇ ਹਨ।  ਜਦੋਂ ਬਾਹਰ ਦਾ ਤਾਪਮਾਨ 30-32 ਡਿਗਰੀ ਹੁੰਦਾ ਹੈ, ਤਾਂ ਉਹ ਦੋ ਘੰਟੇ ਲਈ ਆਪਣੀ ਪੰਜਾਬ ਬਚਾਓ ਯਾਤਰਾ ਕੱਢਦੇ ਹਨ। ਮੈਂ ਅੱਜ ਤੱਕ ਉਨ੍ਹਾਂ ਨੂੰ ਸੰਸਦ ਵਿੱਚ ਨਹੀਂ ਦੇਖਿਆ। ਅਜਿਹੇ ਲੋਕ ਆਮ ਲੋਕਾਂ ਦੇ ਦੁੱਖ ਦਰਦ ਨੂੰ ਕਿਵੇਂ ਸਮਝਣਗੇ। ਅਕਾਲੀ ਆਗੂਆਂ ਨੂੰ ਆੜੇ ਹੱਥੀਂ ਲੈਂਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਹਰ ਰਾਤ ਸੌਣ ਲਈ ਰੋਂਦੇ ਹਨ।

ਲੋਕਾਂ ਦੀ ਮੰਗ 'ਤੇ ਮਾਨ ਨੇ ਆਪਣੀ ਮਸ਼ਹੂਰ ਕਿੱਕਲੀ-2 ਵੀ ਸੁਣਾਈ। ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੇ ਜੀਜੇ ਨੂੰ ਪਾਰਟੀ 'ਚੋਂ ਕੱਢ ਦਿੱਤਾ, ਹੁਣ ਖਬਰ ਆ ਰਹੀ ਹੈ ਕਿ ਬਿਕਰਮ ਮਜੀਠੀਆ ਆਪਣੇ ਜੀਜੇ ਨੂੰ ਕੱਢਣ ਲਈ ਤਿਆਰ ਹਨ। ਮਾਨ ਨੇ ਕਿਹਾ ਕਿ ਇਹ ਲੋਕ ਕਦੇ ਵੀ ਸਾਡਾ ਮੁਕਾਬਲਾ ਨਹੀਂ ਕਰ ਸਕਦੇ ਅਤੇ ਨਾ ਹੀ ਸਾਡੀ ਮਿਹਨਤ ਦਾ ਮੁਕਾਬਲਾ ਕਰ ਸਕਦੇ ਹਨ। ਮਾਨ ਨੇ ਕਿਹਾ ਕਿ ਅੱਜ ਅਕਾਲੀ ਦਲ ਦੀ ਇਹ ਹਾਲਤ ਇਸ ਲਈ ਹੈ ਕਿਉਂਕਿ ਉਨ੍ਹਾਂ ਨੇ ਪਵਿੱਤਰ ‘ਗੁਰਬਾਣੀ’ਦੀ ਬੇਅਦਬੀ ਕੀਤੀ ਹੈ। 

ਕਾਂਗਰਸ 'ਤੇ ਹਮਲਾ ਕਰਦੇ ਹੋਏ ਮਾਨ ਨੇ ਕਿਹਾ ਕਿ ਕਾਂਗਰਸ ਪੰਜਾਬ 'ਚ ਆਪਣੇ ਹੀ ਭੰਬਲਭੂਸੇ 'ਚ ਫਸੀ ਹੈ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਭੁੱਲਥ ਨੂੰ ਛੱਡ ਕੇ ਸੰਗਰੂਰ ਤੋਂ ਚੋਣ ਲੜਨ ਆਏ ਹਨ, ਪਿਛਲੀ ਵਾਰ ਬਠਿੰਡਾ ਗਏ ਸਨ ਪਰ ਹਾਰ ਗਏ ਸਨ, ਇਸ ਵਾਰ ਫਿਰ ਉਨ੍ਹਾਂ ਨੂੰ ਹਾਰ ਦਾ ਸੁਆਦ ਚੱਖਣਾ ਪਵੇਗਾ। ਮਾਨ ਨੇ ਕਿਹਾ ਕਿ ਕਾਂਗਰਸ ਨੇ ਰਾਜਾ ਵੜਿੰਗ ਨੂੰ ਬਠਿੰਡਾ ਤੋਂ ਲਿਆ ਕੇ ਲੁਧਿਆਣਾ ਵਿੱਚ ਚੋਣ ਮੈਦਾਨ ਵਿੱਚ ਉਤਾਰਿਆ ਅਤੇ ਵਿਜੇ ਇੰਦਰ ਸਿੰਗਲਾ ਨੂੰ ਹਰਾਉਣ ਲਈ ਆਨੰਦਪੁਰ ਸਾਹਿਬ ਭੇਜਿਆ। 

ਭਾਜਪਾ ਦੇ ਆਗੂ ਹੰਕਾਰੀ ਹੋ ਗਏ ਹਨ, ਅਸੀਂ ਇਨ੍ਹਾਂ ਤਾਨਾਸ਼ਾਹਾਂ ਨੂੰ ਹਰਾਉਣਾ ਹੈ: ਮਾਨ

ਉਨ੍ਹਾਂ ਕਿਹਾ ਕਿ ਇਕ ਰਿਪੋਰਟ ਮੁਤਾਬਿਕ ਭਾਜਪਾ 6 ਪੜਾਵਾਂ ਵਿਚ ਹਾਰ ਰਹੀ ਹੈ। ਉਨ੍ਹਾਂ ਲਈ ਇਸ ਵਾਰ 400 ਦਾ ਅੰਕੜਾ ਪਾਰ ਕਰਨਾ ਮੁਸ਼ਕਲ ਹੈ।  ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਹੋ ਗਿਆ ਹੈ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਨਹੀਂ ਬਣ ਰਹੀ। ਇਸ ਵਾਰ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਅਤੇ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਆਮ ਆਦਮੀ ਪਾਰਟੀ ਦਾ ਹੋਵੇਗਾ।

ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਦੋ ਸਾਲ ਅਤੇ ਦਿੱਲੀ ਵਿੱਚ ਅੱਠ ਸਾਲਾਂ ਵਿੱਚ ਕੀਤੇ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਾਂ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ 10 ਸਾਲ ਬਾਅਦ ਵੀ ਮੰਗਲ-ਸੂਤਰ ਅਤੇ ਮੁਸਲਮਾਨਾਂ ਦੀ ਗੱਲ ਕਰਦੇ ਹਨ। ਮਾਨ ਨੇ ਕਿਹਾ ਕਿ ਮੋਦੀ ਆਪਣੇ ਆਪ ਨੂੰ ਭਗਵਾਨ ਦਾ ਅਵਤਾਰ ਦੱਸ ਰਹੇ ਹਨ। ਉਹ ਹੰਕਾਰੀ ਅਤੇ ਤਾਨਾਸ਼ਾਹ ਹਨ। ਸਾਨੂੰ ਆਪਣੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਉਨ੍ਹਾਂ ਨੂੰ ਹਰਾਉਣਾ ਪਵੇਗਾ। ਮਾਨ ਨੇ ਕਿਹਾ ਕਿ ਭਾਜਪਾ ਨਫਰਤ ਦੀ ਰਾਜਨੀਤੀ ਕਰਦੀ ਹੈ ਪਰ ਪੰਜਾਬ ਵਿੱਚ ਕਾਮਯਾਬ ਨਹੀਂ ਹੋਵੇਗੀ। ਪੰਜਾਬ ਆਪਣੀ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਗੁਰਪੁਰਬ, ਈਦ, ਦੀਵਾਲੀ ਅਤੇ ਕ੍ਰਿਸਮਸ ਇਕੱਠੇ ਮਨਾਉਂਦੇ ਹਾਂ।