ਲੀਡਰਾਂ ਦੀ ਰੈਲੀ 'ਚ ਭਾਊ ਨੇ ਕਰਵਾਈ ਸੀ ਮੁਲਜ਼ਮਾਂ ਦੀ ਹੋਰ ਗੈਂਗਸਟਰਾਂ ਨਾਲ ਮੁਲਾਕਾਤ
ਮੋਹਾਲੀ ਪੁਲਿਸ ਨੇ ਗੈਂਗਸਟਰ ਸੰਪਤ ਨਹਿਰਾ ਨਾਲ ਸਬੰਧਤ 5 ਗੈਂਗਸਟਰਾਂ ਨੂੰ ਅਸਲੇ ਸਮੇਤ ਕਾਬੂ ਕਰਨ ਦੇ ਮਾਮਲੇ 'ਚ......
ਐਸ.ਏ.ਐਸ. ਨਗਰ : ਮੋਹਾਲੀ ਪੁਲਿਸ ਨੇ ਗੈਂਗਸਟਰ ਸੰਪਤ ਨਹਿਰਾ ਨਾਲ ਸਬੰਧਤ 5 ਗੈਂਗਸਟਰਾਂ ਨੂੰ ਅਸਲੇ ਸਮੇਤ ਕਾਬੂ ਕਰਨ ਦੇ ਮਾਮਲੇ 'ਚ ਮੰਗਲਵਾਰ ਰਾਤ ਉਨ੍ਹਾਂ ਦੇ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਕਤ ਮੁਲਜ਼ਮ ਦੀ ਪਛਾਣ ਭੁਪਿੰਦਰ ਸਿੰਘ ਵਾਸੀ ਕੱਟਪੁਰ (ਯੂ.ਪੀ.) ਅਤੇ ਜਸਪ੍ਰੀਤ ਸਿੰਘ ਵਾਸੀ ਪਿੰਡ ਜਮੀਤਗੜ੍ਹ (ਫ਼ਤਹਿਗੜ੍ਹ ਸਾਹਿਬ) ਵਜੋਂ ਹੋਈ ਸੀ, ਜਿਨ੍ਹਾਂ ਨੂੰ ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਦੋਵਾਂ ਨੂੰ ਇਕ ਦਿਨ ਦੇ ਪੁਲਿਸ ਰੀਮਾਂਡ 'ਤੇ ਭੇਜ ਦਿਤਾ ਹੈ।
ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਵੇਂ ਮੁਲਜ਼ਮ ਪਹਿਲਾਂ ਰਮਨਦੀਪ ਸਿੰਘ ਭਾਊ ਦੇ ਸੰਪਰਕ ਵਿਚ ਆਏ ਸਨ ਜੋ ਕੁੱਝ ਦਿਨ ਉਨ੍ਹਾਂ ਦੇ ਕਮਰੇ ਵਿਚ ਉਨ੍ਹਾਂ ਨਾਲ ਵੀ ਰਿਹਾ ਅਤੇ ਬਾਅਦ ਵਿਚ ਉਹ ਦੋਵਾਂ ਨੂੰ ਆਮ ਆਦਮੀ ਪਾਰਟੀ ਦੇ ਲੀਡਰ ਹਿੰਮਤ ਸਿੰਘ ਸ਼ੇਰਗਿੱਲ ਦੀ ਮਜੀਠੇ ਹੋਈ ਇਕ ਰੈਲੀ ਵਿਚ ਲੈ ਗਿਆ ਜਿਥੇ ਉਸ ਨੇ ਹੋਰਨਾਂ ਗੈਂਗਸਟਰਾਂ ਨਾਲ ਦੋਵਾਂ ਦੀ ਮੁਲਾਕਾਤ ਕਰਵਾਈ ਜਿਨ੍ਹਾਂ ਨੇ ਇਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਮੋਹਾਲੀ ਵਿਖੇ ਕੋਈ ਕਮਰਾ ਕਿਰਾਏ 'ਤੇ ਨਹੀਂ ਮਿਲ ਰਿਹਾ ਜਿਸ 'ਤੇ ਉਕਤ ਦੋਵਾਂ ਨੇ ਉੱਥੇ ਹਾਮੀ ਭਰੀ ਕਿ ਉਹ ਅਪਣੇ ਨਾਂ 'ਤੇ ਉਨ੍ਹਾਂ ਨੂੰ ਕਮਰਾ ਲੈ ਕੇ ਦੇਣਗੇ।
ਦੋਵੇਂ ਮੁਲਜ਼ਮਾਂ ਨੇ ਅਪਣੇ ਦੋਸਤ ਗੈਂਗਸਟਰਾਂ ਰਮਨਦੀਪ ਸਿੰਘ ਉਰਫ਼ ਭਾਊ, ਸ਼ੁਭਨਵਦੀਪ ਸਿੰਘ ਉਰਫ਼ ਸ਼ੁਭ, ਜਸਪ੍ਰੀਤ ਸਿੰਘ ਉਰਫ਼ ਜੱਸੂ, ਗੁਰਵਿੰਦਰ ਸਿੰਘ ਉਰਫ਼ ਗੁਰੀ (ਬਿੰਦਰੀ) ਅਤੇ ਦਿਨੇਸ਼ ਕੁਮਾਰ ਨੂੰ ਪਨਾਹ ਦੇਣ ਲਈ ਅਪਣੇ ਨਾਂ 'ਤੇ ਮਕਾਨ ਕਿਰਾਏ 'ਤੇ ਲਿਆ ਸੀ। ਇਸ ਸਬੰਧੀ ਥਾਣਾ ਮਟੌਰ ਦੇ ਮੁਖੀ ਰਾਜੀਵ ਕੁਮਾਰ ਨੇ ਦਸਿਆ ਸੀ ਕਿ ਦੋਵਾਂ ਮੁਲਜ਼ਮਾਂ ਨੂੰ ਫ਼ੇਜ਼-3 ਕੋਲੋਂ ਗ੍ਰਿਫ਼ਤਾਰ ਕੀਤਾ ਹੈ। ਉਕਤ ਮੁਲਜ਼ਮ ਗੈਂਗਸਟਰਾਂ ਨੂੰ ਪਨਾਹ ਦੇਣ ਲਈ ਅਕਸਰ ਪਹਿਲਾਂ ਆਪ ਜਾ ਕੇ ਮਕਾਨ ਕਿਰਾਏ 'ਤੇ ਲੈਂਦੇ ਸਨ, ਮਗਰੋਂ ਮਕਾਨ ਮਾਲਕ ਨੂੰ ਇਹ ਕਹਿ ਕੇ ਉਨਾਂ ਨੂੰ ਆਉਣ ਜਾਣ ਦੀ ਇਜਾਜ਼ਤ ਦਿਵਾਉਂਦੇ ਸਨ
ਕਿ ਉਹ ਇਨ੍ਹਾਂ ਦੇ ਰਿਸ਼ਤੇਦਾਰ ਹਨ ਅਤੇ ਨੌਕਰੀ ਲੱਗਣ ਲਈ ਆਏ ਹੋਏ ਹਨ। ਉਨ੍ਹਾਂ ਦਸਿਆ ਕਿ ਇਸ ਮੁਕੱਦਮੇ 'ਚ ਪੁਛਗਿਛ ਦੌਰਾਨ ਜੇ ਸੰਪਤ ਨਹਿਰਾ ਨਾਂ ਨਾ ਸਾਹਮਣੇ ਆਇਆ ਤਾਂ ਜਲਦ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ। ਦੱਸਣਯੋਗ ਹੈ ਕਿ ਪੁਲਿਸ ਨੇ 13 ਜੂਨ ਨੂੰ ਗ੍ਰਿਫ਼ਤਾਰ ਗੈਂਗਸਟਰਾਂ ਕੋਲੋਂ 2 ਪਿਸਟਲ 315 ਬੋਰ ਸਮੇਤ 10 ਜਿੰਦਾ ਕਾਰਤੂਸ, 1 ਪਿਸਟਲ 32 ਬੋਰ ਸਮੇਤ 6 ਜਿੰਦਾ ਕਾਰਤੂਸ,
1 ਕਿਰਪਾਨ ਅਤੇ ਇੱਕ ਆਈ ਟਵੰਟੀ ਕਾਰ ਬਰਾਮਦ ਕੀਤੀ ਸੀ। ਉਕਤ ਗੈਂਗਸਟਰ ਅਪਣੇ ਗੈਂਗ ਦਾ ਖ਼ੌਫ਼ ਅਤੇ ਬਾਕੀ ਮੈਂਬਰਾ 'ਚ ਜਾਨ ਪਾਉਣ ਲਈ ਜੇਲ 'ਚ ਬੰਦ ਸੰਪਤ ਨਹਿਰਾ ਦੇ ਸ਼ਾਪ ਸ਼ੂਟਰ ਦੀਪਕ ਟੀਨੂੰ ਨੂੰ ਛੁਡਾਉਣ ਦੀ ਤਿਆਰੀ 'ਚ ਸਨ।