ਹੋ ਸਕਦਾ ਜ਼ਿਲ੍ਹਾ ਕਾਂਗਰਸ 'ਚ ਸਿਆਸੀ ਵਿਸਫੋਟ?
ਜ਼ਿਲਾ ਕਾਂਗਰਸ ਅੰਦਰ ਜਲਦ ਹੀ ਇਕ ਸਿਆਸੀ ਵਿਸਫੋਟ ਹੋਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ........
ਬਾਘਾ ਪੁਰਾਣਾ : ਜ਼ਿਲਾ ਕਾਂਗਰਸ ਅੰਦਰ ਜਲਦ ਹੀ ਇਕ ਸਿਆਸੀ ਵਿਸਫੋਟ ਹੋਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ, ਜੇਕਰ ਇਹ ਸਿਆਸੀ ਵਿਸਫੋਟ ਹੋ ਜਾਂਦਾ ਹੈ ਤਾਂ ਸਮੁੱਚੇ ਜ਼ਿਲਾ ਮੋਗਾ ਦੇ ਨਾਲ ਨਾਲ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਸਿਆਸੀ ਸਮੀਕਰਨਾਂ 'ਚ ਵੱਡਾ ਫੇਰਬਦਲ ਤਹਿ ਹੈ। ਕੁੱਝ ਸਿਆਸੀ ਹਲਕੇ ਇਸ ਵਿਸਫੋਟ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਵੀ ਵੇਖ ਰਹੇ ਹਨ। ਇਸ ਦੇ ਨਾਲ ਹੀ ਇਸ ਵਿਸਫੋਟ ਦੇ ਨਾਲ ਹਲਕਾ ਬਾਘਾਪੁਰਾਣਾ ਦੇ ਟਕਸਾਲੀ ਕਾਂਗਰਸੀ ਵਰਕਰਾਂ 'ਚ ਪਾਰਟੀ ਪ੍ਰਤੀ ਰੋਸ ਵੀ ਪੈਦਾ ਹੋ ਸਕਦਾ ਹੈ,
ਪਹਿਲਾਂ ਤੋਂ ਹੀ ਆਪਣੀ ਸਰਕਾਰ 'ਚ ਕੋਈ ਸੁਣਵਾਈ ਨਾ ਹੋਣ ਕਾਰਨ ਭਰੇ ਪੀਤੇ ਵਰਕਰਾਂ 'ਚ ਉਛਾਲ ਵਾਲੀ ਕਥਿਤ ਬਗਾਵਤ ਦਾ ਸਾਹਮਣਾ ਵੀ ਪਾਰਟੀ ਨੂੰ ਕਰਨਾ ਪੈ ਸਕਦਾ ਹੈ। ਅਤਿਅੰਤ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ 'ਚੋਂ ਆਪਣੀ ਸਿਆਸੀ ਪਾਰੀ ਸ਼ੁਰੂ ਕਰਕੇ ਸ਼੍ਰੋਮਣੀ ਅਕਾਲੀ ਦਲ 'ਚ ਜਾ ਕੇ ਇਕ ਵਾਰ ਹਲਕਾ ਬਾਘਾਪੁਰਾਣਾ ਤੋਂ ਵਿਧਾਇਕੀ ਦਾ ਅਨੰਦ ਮਾਣ ਕੇ ਮੁੜ ਕਾਂਗਰਸ ਦੀ ਛੱਤਰੀ ਤੇ ਸਵਾਰ ਹੋਣ ਵਾਲੇ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਕਾਂਗਰਸ ਪਾਰਟੀ ਵਲੋਂ ਜਥੇਬੰਦੀ ਦਾ ਜ਼ਿਲਾ ਪ੍ਰਧਾਨ ਥਾਪਿਆ ਜਾ ਰਿਹਾ ਹੈ।
ਇਸ ਨਿਯੁਕਤੀ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਐਲਾਨ ਕਿਸੇ ਵੀ ਸਮੇਂ ਸੰਭਵ ਹੈ। ਜੇਕਰ ਇਹ ਨਿਯੁਕਤੀ ਹੋ ਜਾਂਦੀ ਹੈ ਤਾਂ ਅਜਿਹੇ ਕਾਂਗਰਸੀ ਵਰਕਰਾਂ 'ਚ ਰੋਸ ਪੈਦਾ ਹੋਣਾ ਸੁਭਾਵਿਕ ਹੀ ਹੈ ਜਿੰਨਾਂ ਨੇ ਅਕਾਲੀ ਦਲ ਦੇ ਪਿਛਲੇ 10 ਸਾਲਾਂ ਦੇ ਰਾਜ ਦੌਰਾਨ ਆਪਣੇ ਪਿੰਡੇ ਤੇ ਕਥਿਤ ਸਿਆਸੀ ਸੰਤਾਪ ਭੋਗਿਆ ਹੈ। ਪਿਛਲੇ 10 ਸਾਲਾਂ ਵਿਚੋਂ 5 ਸਾਲਾਂ ਦੌਰਾਨ ਸ੍ਰ. ਨਿਹਾਲ ਸਿੰਘ ਵਾਲਾ ਹੀ ਇਥੋਂ ਵਿਧਾਇਕ ਸਨ। ਅਜਿਹੇ ਵਰਕਰਾਂ ਜਾਂ ਨੇਤਾਵਾਂ ਨੂੰ ਇਹ ਨਿਯੁਕਤੀ ਜਲਦੀ ਹਾਜਮ ਹੋਣੀ ਮੁਸ਼ਕਲ ਵੀ ਹੈ।
ਪ੍ਰੰਤੂ ਇਸ ਮਾਮਲੇ 'ਚ ਸ੍ਰ. ਨਿਹਾਲ ਸਿੰਘ ਵਾਲਾ ਦੇ ਪੱਖ ਵਿਚ ਇਹ ਗੱਲ ਵੀ ਜਾਂਦੀ ਹੈ ਕਿ ਉਨਾਂ ਨੇ ਵਿਧਾਇਕ ਹੁੰਦਿਆਂ ਆਪਣੀ ਚਿੱਟੀ ਚਾਦਰ ਨੂੰ ਕਥਿਤ ਭ੍ਰਿਸ਼ਟਾਚਾਰ ਦਾ ਕੋਈ ਦਾਗ ਨਹੀਂ ਲੱਗਣ ਦਿੱਤਾ, ਜਿਸ ਕਾਰਨ ਸੰਭਵ ਹੈ ਕਿ ਟਕਸਾਲੀ ਕਾਂਗਰਸੀ ਇਸ ਇਮਾਨਦਾਰੀ ਦੇ ਚੱਲਦਿਆਂ ਆਖਿਰ ਉਨਾਂ ਦਾ ਸਾਥ ਦੇਣ ਲਈ ਤਿਆਰ ਹੋ ਜਾਣ।
ਦੂਸਰੇ ਪਾਸੇ ਸ੍ਰ. ਨਿਹਾਲ ਸਿੰਘ ਵਾਲਾ ਦੇ ਕੱਟੜ ਵਿਰੋਧੀ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਧੜਾ ਪੂਰੀ ਤਰ੍ਹਾਂ ਸ਼ਕਤੀ ਨਾਲ ਇਸ ਨਿਯੁਕਤੀ ਦਾ ਵਿਰੋਧ ਕਰੇਗਾ। ਜੇਕਰ ਸ੍ਰ. ਨਿਹਾਲ ਸਿੰਘ ਵਾਲਾ ਦੀ ਇਹ ਨਿਯੁਕਤੀ ਹੋ ਜਾਂਦੀ ਹੈ ਤਾਂ ਸ੍ਰ. ਨਿਹਾਲ ਸਿੰਘ ਵਾਲਾ ਬਰਾੜ ਧੜੇ ਨੂੰ ਸੰਨ੍ਹ ਕਿਸ ਤਰਾਂ ਲਗਾਉਂਦੇ ਹਨ ਇਹ ਵੇਖਣ ਵਾਲੀ ਗੱਲ ਹੋਵੇਗੀ।