ਬਰਗਾੜੀ ਇਨਸਾਫ਼ ਮੋਰਚੇ ਦੀ ਸਫ਼ਲਤਾ ਤੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ ਮੋਰਚਾ ਲੱਗੇ : ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚੀਮਾ ਨੇ ਅੱਜ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ....

Jathedar Jaswant Singh Cheema With Others

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚੀਮਾ ਨੇ ਅੱਜ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਜੇਲ੍ਹਾਂ ਵਿਚ ਭੇਜਣ ਲਈ ਬਰਗਾੜੀ ਵਿਖੇ ਲਗਾਇਆ ਇਨਸਾਫ਼ ਮੋਰਚਾ ਸਫ਼ਲਤਾ ਵਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵੱਡੀ ਗਿਣਤੀ ਵਿਚ ਸਿੱਖ ਸੰਗਤ ਅਤੇ ਪੰਥ ਦਰਦੀ ਬਰਗਾੜੀ ਵਿਖੇ ਵਿਸ਼ਾਲ ਕਾਫ਼ਲਿਆਂ ਵਿਚ ਪਹੁੰਚ ਰਹੇ ਹਨ ਜਿਨ੍ਹਾਂ ਨੇ ਬੇਅਦਬੀ ਕਾਂਡ ਦੇ ਦੋਸ਼ੀਆਂ ਅਤੇ ਇਸ ਦੇ ਲਈ ਸਿੱਧੇ ਤੌਰ 'ਤੇ ਜਿੰਮੇਵਾਰ ਬਾਦਲ ਦਲੀਆਂ ਨੂੰ ਚਿੰਤਾ ਵਿਚ ਪਾ ਦਿਤਾ ਹੈ।

ਉਨ੍ਹਾਂ ਕਿਹਾ ਕਿ ਹੁਣ ਇਸ ਮੋਰਚੇ ਦੀ ਸਫ਼ਲਤਾ ਤੈਅ ਹੈ ਅਤੇ ਏਹੀ ਸਫ਼ਲਤਾ ਭਵਿੱਖ ਦਾ ਮਾਰਗ ਦਰਸ਼ਨ ਕਰੇਗੀ। ਉਨ੍ਹਾਂ ਬਰਗਾੜੀ ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਜਥੇਦਾਰਾਂ ਅਤੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਇਸ ਮੋਰਚੇ ਦੀ ਸਫ਼ਲਤਾ ਤੋਂ ਬਾਅਦ ਉਹ ਚੁੱਪ ਨਾ ਬੈਠਣ ਬਲਕਿ ਇਸ ਤੋਂ ਅਗਲੇ ਸੰਘਰਸ਼ ਦੀ ਰੂਪਰੇਖਾ ਹੁਣ ਨਾਲ ਨਾਲ ਹੀ ਤਿਆਰ ਕੀਤੀ ਜਾਵੇ। ਜਥੇਦਾਰ ਚੀਮਾ ਨੇ ਸੰਘਰਸ਼ਕਾਰੀ ਜਥੇਦਾਰਾਂ ਅਤੇ ਪੰਥ ਦਰਦੀਆਂ ਨੂੰ ਬੇਨਤੀ ਕੀਤੀ ਕਿ ਮੋਰਚੇ ਦੀ ਸਫ਼ਲਤਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਦਲੀਆਂ ਦੇ ਕਬਜ਼ੇ ਵਿਚੋਂ ਮੁਕਤ ਕਰਵਾਉਣ ਲਈ ਅਗਲਾ ਮੋਰਚਾ ਸ਼ੁਰੂ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਜਦੋਂ ਤਕ ਐਸਜੀਪੀਸੀ ਨੂੰ ਬਾਦਲਾਂ ਦੇ ਕਬਜ਼ੇ ਵਿਚੋਂ ਮੁਕਤ ਨਹੀਂ ਕਰਵਾਇਆ ਜਾਂਦਾ, ਉਦੋਂ ਤਕ ਪੰਥ ਅਤੇ ਕੌਮ ਦਾ ਭਲਾ ਹੋਣ ਵਾਲਾ ਨਹੀ ਹੈ।  
ਇਸ ਮੌਕੇ ਮਨਜੀਤ ਸਿੰਘ ਸਿਆਲਕੋਟੀ, ਜਥੇਦਾਰ ਕੁਲਵੰਤ ਸਿੰਘ ਸਲੇਮਟਾਬਰੀ, ਗੁਰਸੇਵਕ ਸਿੰਘ ਆਨੰਦਪੁਰੀ, ਜਥੇਦਾਰ ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਕਟਾਣੀ, ਦਿਲਬਾਗ ਸਿੰਘ ਲੰਬੜਦਾਰ, ਨਾਜਰ ਸਿੰਘ ਰਾਈਆਂ, ਬਲਦੇਵ ਸਿੰਘ ਸੇਠੀ, ਬਾਬਾ ਦਰਸ਼ਨ ਸਿੰਘ, ਹਰਭਜਨ ਸਿੰਘ ਬਿੱਟੂ, ਸਵਰਨ ਸਿੰਘ, ਜਥੇਦਾਰ ਮੋਹਣ ਸਿੰਘ, ਜਤਿੰਦਰ ਸਿੰਘ ਮਹਿਲਕਲਾਂ, ਇੰਦਰਜੀਤ ਸਿੰਘ, ਪ੍ਰਿਤਪਾਲ ਸਿੰਘ ਰੋੜ ਅਤੇ ਹੋਰ ਹਾਜ਼ਰ ਸਨ।