ਕੋਰੋਨਾ ਕਾਰਨ ਘਟੀ ਬਿਜਲੀ ਦੀ ਮੰਗ, ਝੋਨੇ ਦੇ ਸੀਜ਼ਨ ਦੌਰਾਨ ਵੀ ਮੰਗ 12090 ਮੈਗਾਵਾਟ ਰਹੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਸਾਲਾਂ'ਚ 14 ਹਜ਼ਾਰ ਮੈਗਾਵਾਟ ਤੋਂ ਉਪਰ ਲੰਘ ਗਈ ਸੀ

Electricity

ਚੰਡੀਗੜ੍ਹ : ਕੋਰੋਨਾ ਬੀਮਾਰੀ ਕਾਰਨ ਹੋਟਲ, ਰੈਸਟੋਰੈਂਟ ਅਤੇ ਉਦਯੋਗਾਂ 'ਚ ਬਿਜਲੀ ਦੀ ਮੰਗ ਘੱਟ ਰਹਿਣ ਕਾਰਨ ਝੋਨੇ ਦੀ ਲੁਆਈ ਸਮੇਂ ਦੀ ਬਿਜਲੀ ਦੀ ਮੰਗ ਪਿਛਲੇ ਸਾਲਾਂ ਦੇ ਮੁਕਾਬਲੇ ਅਜੇ ਤਕ ਕਾਫ਼ੀ ਘੱਟ ਰਹੀ ਹੈ। ਸਾਰੇ ਦੇਸ਼ 'ਚ ਹੀ ਬਿਜਲੀ ਦੀ ਮੰਗ ਨਾਲ ਗਰਮੀਆਂ ਵਿਚ ਵੀ ਘੱਟ ਰਹਿਣ ਕਾਰਨ ਪੰਜਾਬ ਨੂੰ ਦੂਜੇ ਸੂਬਿਆਂ ਤੋਂ ਵੀ ਘੱਟ ਰੇਟ 'ਤੇ ਬਿਜਲੀ ਉਪਲਬਧ ਹੋ ਰਹੀ ਹੈ। ਝੋਨੇ ਦੀ ਫ਼ਸਲ ਸਮੇਂ ਮੰਗ ਘੱਟ ਰਹਿਣ ਅਤੇ ਖ਼ਰੀਦੀ ਜਾ ਰਹੀ ਬਿਜਲੀ ਕੀਮਤ ਦਰਾਂ ਵੀ ਘੱਟ ਰਹਿਣ ਕਾਰਨ ਬਿਜਲੀ ਕਾਰਪੋਰੇਸ਼ਨ ਨੇ ਸੁੱਖ ਦਾ ਸਾਹ ਲਿਆ ਹੈ। ਝੋਨੇ ਦੀ ਲੁਆਈ ਸਮੇਂ ਪੰਜਾਬ ਵਿਚ ਬਿਜਲੀ ਦੀ ਮੰਗ ਪਿਛਲੇ ਸਾਲ 14 ਹਜ਼ਾਰ ਮੈਗਾਵਾਟ ਤੋਂ ਵੀ ਉਪਰ ਚਲੇ ਗਈ ਸੀ।

ਪੰਜਾਬ ਬਿਜਲੀ ਕਾਰਪੋਰੇਸ਼ਨ ਦੇ ਸੂਤਰਾਂ ਅਨੁਸਾਰ 27 ਜੂਨ ਨੂੰ ਵੱਧ ਤੋਂ ਵੱਧ ਬਿਜਲੀ ਦੀ ਮੰਗ 12090 ਮੈਗਾਵਾਟ ਰਹੀ ਜਦਕਿ ਪਿਛਲੇ ਸਾਲ ਇਸੇ ਦਿਨ ਬਿਜਲੀ ਦੀ ਮੰਗ 12842 ਮੈਗਾਵਾਟ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਬਿਜਲੀ ਕਾਰਪੋਰੇਸ਼ਨ ਦੇ ਆਪਣੇ ਸਾਰੇ ਸਾਧਨਾਂ ਤੇ ਸਮੇਤ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਬਿਜਲੀ ਅਤੇ ਰਾਜ ਦੇ ਹਾਈਡਰੋ ਸਾਧਨਾਂ ਤੋਂ ਕੁੱਲ 6244 ਮੈਗਾਵਾਟ ਬਿਜਲੀ ਉਪਲਬਧ ਹੋ ਰਹੀ ਹੈ। 6257 ਮੈਗਾਵਾਟ ਬਿਜਲੀ ਬਾਹਰਲੇ ਸਾਧਨਾਂ ਤੋਂ ਲਈ ਜਾ ਰਹੀ ਹੈ।

ਇਸ ਵਿਚ ਰਾਜ ਤੋਂ ਬਾਹਰਲੇ ਥਰਮਲ ਪਲਾਂਟਾਂ ਤੋਂ ਪੰਜਾਬ ਦੇ ਹਿੱਸੇ ਦੀ ਬਿਜਲੀ ਅਤੇ ਕੇਂਦਰ ਸਰਕਾਰ ਦੇ ਥਰਮਲ ਪਲਾਟਾਂ ਤੋਂ ਰਾਜ ਦੇ ਹਿੱਸੇ ਦੀ ਮਿਲਦੀ ਬਿਜਲੀ ਵੀ ਸ਼ਾਮਲ ਹੈ। ਇਸ ਵਿਚ ਉਹ ਬਿਜਲੀ ਵੀ ਸ਼ਾਮਲ ਹੈ, ਜੋ ਬਾਹਰਲੇ ਰਾਜਾਂ ਤੋਂ ਖ਼ਰਚੀ ਜਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਇਸ ਸਾਲ ਰਾਹਤ ਵਾਲੀ ਇਹ ਗੱਲ ਹੈ ਕਿ ਬਾਹਰਲੇ ਰਾਜਾਂ ਤੋਂ ਖਰੀਦੀ ਜਾ ਰਹੀ ਬਿਜਲੀ ਬਹੁਤ ਹੀ ਸਸਤੀ ਹੈ ਕਿਉਂਕਿ ਇਸ ਸਾਲ ਪੂਰੇ ਦੇਸ਼ 'ਚ ਬਿਜਲੀ ਦੀ ਮੰਗ ਘੱਟ ਹੈ ਅਤੇ ਉਤਪਾਦਨ ਵੱਧ ਹੈ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੇ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਮਿਲ ਰਹੀ ਬਿਜਲੀ ਦਾ ਰੇਟ 4 ਰੁਪਏ 40 ਪੈਸੇ ਤੋਂ 4 ਰੁਪਏ 72 ਪੈਸੇ ਤਕ ਰਿਹਾ ਹੈ। ਸਭ ਤੋਂ ਵੱਧ ਰੇਟ ਗੋਇੰਦਵਾਲ ਥਰਮਲ ਪਲਾਂਟ ਦਾ ਹੈ ਜੋ 4 ਰੁਪਏ 72 ਪੈਸੇ ਬਣਣਾ ਹੈ।

ਰਾਜਪੁਰਾ ਅਤੇ ਤਲਵੰਡੀ ਸਾਬੋ ਪਲਾਂਟਾਂ ਦਾ ਰੇਟ ਕ੍ਰਮਵਾਰ 4 ਰੁਪਏ 40 ਪੈਸੇ ਅਤੇ 4 ਰੁਪਏ 41 ਪੈਸੇ ਆਇਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਾਰੇ ਸਾਧਨਾਂ ਤੋਂ ਪੈਦਾ ਹੋਈ ਬਿਜਲੀ ਦਾ ਰੇਟ ਪਿਛਲੇ ਸਾਲ ਔਸਤਨ 4 ਰੁਪਏ 10 ਪੈਸੇ ਆਇਆ ਹੈ। ਬਾਕੀ ਇਸ ਉਪਰ ਟੈਕਸ ਅਤੇ ਸੈੱਸ ਲੱਗਣ ਕਾਰਨ ਬਿਜਲੀ 7 ਤੋਂ 9 ਰੁਪਏ ਤਕ ਮਿਲਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।