ਕਰਨ ਅਵਤਾਰ ਸਿੰਘ ਵਲੋਂ ਨਵਾਂ ਅਹੁਦਾ ਸੰਭਾਲਣ ਤੋਂ ਨਾਂਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2 ਮਹੀਨੇ ਦੀ ਛੁੱਟੀ 'ਤੇ ਗਏ, 31 ਅਗੱਸਤ ਨੂੰ ਹੋ ਰਹੇ ਹਨ ਸੇਵਾ ਮੁਕਤ

Karan Avtar Singh

ਚੰਡੀਗੜ੍ਹ, 27 ਜੂਨ (ਗੁਰਉਪਦੇਸ਼ ਭੁੱਲਰ): ਬੀਤੇ ਦਿਨੀਂ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਏ ਗਏ ਕਰਨ ਅਵਤਾਰ ਸਿੰਘ ਨੇ ਨਵਾਂ ਅਹੁਦਾ ਸੰਭਾਲਣ ਤੋਂ ਨਾਂਹ ਕਰ ਦਿਤੀ ਹੈ। ਮਿਲੀ ਜਾਣਕਾਰੀ ਮੁਤਾਬਕ ਉਹ ਦੋ ਮਹੀਨੇ ਦੀ ਛੁੱਟੀ 'ਤੇ ਚਲੇ ਗਏ ਹਨ। ਉਨ੍ਹਾਂ ਦੀ ਥਾਂ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਚਨਚੇਤ ਵਿਨੀ ਮਹਾਜਨ ਦੀ ਨਿਯੁਕਤੀ ਕਰਦਿਆਂ ਕਰਨ ਅਵਤਾਰ ਸਿੰਘ ਨੂੰ ਵਿਸ਼ੇਸ਼ ਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਨ ਦੇ ਅਹੁਦੇ 'ਤੇ ਤਬਦੀਲ ਕਰ ਦਿਤਾ ਸੀ।ਜ਼ਿਕਰਯੋਗ ਹੈ ਕਿ ਨਵੇਂ ਮੁੱਖ ਸਕੱਤਰ ਦੀ ਤੈਨਾਤੀ ਦੇ ਹੁਕਮ ਜਾਰੀ ਹੋਣ ਦੇ ਦੋ ਘੰਟੇ ਬਾਅਦ ਉਸੇ ਦਿਨ ਹੀ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਅਹੁਦੇ ਤੋਂ ਫ਼ਾਰਗ ਵੀ ਕਰ ਦਿਤਾ ਗਿਆ ਸੀ। ਉਨ੍ਹਾਂ ਦੀ ਸੇਵਾ ਮੁਕਤੀ 31 ਅਗੱਸਤ ਨੂੰ ਹੋਣੀ ਹੈ।

ਜ਼ਿਕਰਯੋਗ ਹੈ ਕਿ ਮੰਤਰੀਆਂ ਨਾਲ ਟਕਰਾਅ ਬਾਅਦ ਪੈਦਾ ਵਿਵਾਦ ਦੇ ਚਲਦੇ ਕਰਨ ਅਵਤਾਰ ਸਿੰਘ ਨੇ ਮੰਤਰੀ ਮੰਡਲ ਵਿਚ ਮਾਫ਼ੀ ਵੀ ਮੰਗ ਲਈ ਸੀ ਪਰ ਬੀਤੇ ਦਿਨੀਂ ਅਚਾਨਕ ਉਨ੍ਹਾਂ ਨੂੰ ਇਕਦਮ ਫ਼ਾਰਗ ਕਰ ਦਿਤਾ ਗਿਆ ਜਿਸ ਕਾਰਨ ਉਹ ਅਪਣੇ ਆਪ ਨੂੰ ਅਪਮਾਨਤ ਮਹਿਸੂਸ ਕਰ ਰਹੇ ਸਨ। ਇਸੇ ਦੌਰਾਨ ਜਿਹੜੇ ਕੁੱਝ ਸੀਨੀਅਰ ਅਫ਼ਸਰ ਮੁੱਖ ਸਕੱਤਰ ਦੀ ਦੌੜ ਵਿਚ ਵਿਨੀ ਮਹਾਜਨ ਦੀ ਨਿਯੁਕਤੀ ਬਾਅਦ ਨਾਰਾਜ਼ ਦਸੇ ਜਾਂਦੇ ਹਨ ਪਰ ਉਹ ਖੁਲ੍ਹ ਕੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ। ਉੱਚ ਅਫ਼ਸਰਸ਼ਾਹੀ ਵਿਚ ਅੰਦਰਖਾਤੇ ਚਰਚਾ ਚਲ ਰਹੀ ਹੈ।