ਸ਼੍ਰੋਮਣੀ ਕਮੇਟੀ ਵਲੋਂ ਤਖ਼ਤ ਕੇਸਗੜ੍ਹ ਸਾਹਿਬ ਦੇ ਸਟੋਰਾਂ ਦੀ ਪੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਈ ਫ਼ਰਜ਼ੀ ਬਿਲ ਤੇ ਫ਼ਾਲਤੂ ਸਾਮਾਨ ਬਰਾਮਦ, ਤਾਲਾਬੰਦੀ ਦੌਰਾਨ ਨੰਗਲ ਤੋਂ ਸ਼ਰਧਾਲੂਆਂ ਵਾਸਤੇ ਲਿਆਂਦੀ ਲੱਖਾਂ ਰੁਪਏ ਦੀ ਹਰੀ ਸਬਜ਼ੀ ਅਤੇ ਫ਼ਲ

Sri Kesgarh Sahib

ਸ੍ਰੀ ਆਨੰਦਪੁਰ ਸਾਹਿਬ, 27 ਜੂਨ (ਭਗਵੰਤ ਸਿੰਘ ਮਟੌਰ): ਤਾਲਾਬੰਦੀ ਦੌਰਾਨ ਆਮ ਲੋਕਾਂ ਨੂੰ ਸਬਜ਼ੀਆਂ ਮਿਲਣੀਆਂ ਬੰਦ ਹੋ ਗਈਆਂ ਸਨ ਤੇ ਸਰਕਾਰ ਵਲੋਂ ਵਿਸ਼ੇਸ਼ ਯਤਨ ਕਰ ਕੇ ਸਬਜ਼ੀ ਦੇ ਪੈਕਟ ਲੋਕਾਂ ਦੇ ਘਰਾਂ ਤਕ ਪਹੁੰਚਾਏ ਸਨ ਪਰ ਇਸੇ ਤਾਲਾਬੰਦੀ ਦੌਰਾਨ ਸ਼੍ਰੋਮਣੀ ਕਮੇਟੀ ਦੇ ਲੰਗਰਾਂ ਵਿਚ ਬੇਸ਼ੱਕ ਸੰਗਤ ਦੀ ਆਮਦ ਬੰਦ ਹੋ ਚੁੱਕੀ ਸੀ ਪਰ ਲੱਖਾਂ ਰੁਪਏ ਦੀ ਸਬਜ਼ੀ ਦਾ ਆਉਣਾ ਜਾਰੀ ਸੀ।

ਇਹੀ ਕਾਰਨ ਹੈ ਕਿ ਹਾਲ ਹੀ ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਚੀਫ਼ ਇੰਸਪੈਕਟਰ ਦੀ ਅਗਵਾਈ ਵਿਚ ਅੱਧੀ ਦਰਜਨ ਅਧਿਕਾਰੀਆਂ ਦੀ ਟੀਮ ਵਲੋਂ ਕੀਤੀ ਗਈ ਪੜਤਾਲ ਦੌਰਾਨ ਮੁਢਲੇ ਤੌਰ 'ਤੇ ਲੱਖਾਂ ਰੁਪਏ ਦਾ ਸਬਜ਼ੀ ਘਪਲਾ ਸਾਹਮਣੇ ਆਉਣ ਦੇ ਸੰਕੇਤ ਮਿਲੇ ਹਨ, ਜਦਕਿ ਗੰਭੀਰਤਾ ਨਾਲ ਜਾਂਚ ਹੋਣ 'ਤੇ ਇਸ ਮਾਮਲੇ ਵਿਚ ਕਈ ਹੋਰ ਪਰਤਾਂ ਖੁਲ੍ਹਣ ਦੇ ਆਸਾਰ ਹਨ। ਇਸ ਕਰ ਕੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਤਾਇਨਾਤ ਅੱਧੀ ਦਰਜਨ ਮੁਲਾਜ਼ਮਾਂ ਤੇ ਇੰਸਪੈਕਟਰ ਵਿਰੁਧ ਕਾਰਵਾਈ ਕੀਤੀ ਜਾ ਸਕਦੀ ਹੈ।

ਆਮ ਤੌਰ 'ਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਲੰਗਰ ਵਿਚ ਸ਼ਰਧਾਲੂਆਂ ਲਈ ਦਾਲ ਹੀ ਵਰਤਾਈ ਜਾਂਦੀ ਹੈ। ਜੇਕਰ ਕੋਈ ਖ਼ਾਸ ਦਿਨ ਹੋਵੇ ਤਾਂ ਦਾਲ ਨਾਲ ਮਿੱਠਾ ਜਾਂ ਕੋਈ ਹੋਰ ਸਬਜ਼ੀ ਬਣਦੀ ਹੈ ਪਰ 24 ਜੂਨ ਨੂੰ ਇਥੇ ਪਹੁੰਚੀ ਸ਼੍ਰੋਮਣੀ ਕਮੇਟੀ ਦੀ ਉੱਚ ਤਾਕਤੀ ਟੀਮ ਨੇ ਜਦੋਂ ਸਾਰੇ ਰੀਕਾਰਡ ਦੀ ਘੋਖ ਕੀਤੀ ਤਾਂ ਵੇਖਣ ਵਿਚ ਆਇਆ ਕਿ 1 ਅਪ੍ਰੈਲ ਤੋਂ ਲੈ ਕੇ 24 ਜੂਨ ਤਕ ਬੇਸ਼ੱਕ ਸੰਗਤ ਦੀ ਆਮਦ ਨਿਗੂਣੀ ਹੀ ਰਹੀ ਪਰ ਲੰਗਰ ਵਿਚ ਵਰਤਾਉਣ ਵਾਸਤੇ ਸਰਹੱਦੀ ਸ਼ਹਿਰ ਨੰਗਲ ਤੋਂ ਹਰੀਆਂ ਸਬਜ਼ੀਆਂ, ਜਿਨ੍ਹਾਂ ਵਿਚ ਭਿੰਡੀਆਂ, ਸ਼ਿਮਲਾ ਮਿਰਚਾਂ, ਟੀਂਡੇ, ਕਰੇਲੇ, ਲਾਲ ਟਮਾਟਰ, ਆਲੂ, ਪਿਆਜ਼, ਘੀਆ, ਕੱਦੂ ਤੋਂ ਇਲਾਵਾ ਫ਼ਲ ਸੇਬ, ਕੇਲੇ, ਸੰਤਰੇ ਸਣੇ ਹੋਰ ਫਲਾਂ ਦਾ ਆਉਣਾ ਰਿਹਾ ਜਿਸ ਕਰ ਕੇ ਉੱਚ ਤਾਕਤੀ ਟੀਮ ਨੂੰ ਇਥੇ ਹੋ ਰਹੇ ਵੱਡੇ ਸਬਜ਼ੀ ਘਪਲੇ ਦਾ ਸ਼ੱਕ ਹੀ ਨਹੀਂ ਹੋਇਆ ਬਲਕਿ ਜਦੋਂ ਸਟੋਰਾਂ ਦੀ ਪੜਤਾਲ ਕੀਤੀ ਗਈ ਤਾਂ ਕਈ ਫ਼ਰਜ਼ੀ ਬਿੱਲ, ਫ਼ਾਲਤੂ ਸਾਮਾਨ ਬਰਾਮਦ ਹੋਇਆ।

ਦੋ ਦਿਨ ਤਕ ਚਲੀ ਇਸ ਪੜਤਾਲ ਦੌਰਾਨ ਹੋਏ ਕਥਿਤ ਘਪਲੇ ਦੀ ਪੁਸ਼ਟੀ ਕਰਦਿਆਂ ਚੀਫ਼ ਇੰਸਪੈਕਟਰ ਗੁਲਜ਼ਾਰ ਸਿੰਘ ਨੇ ਦਸਿਆ ਕਿ ਉਹ ਮੀਡੀਆ ਵਿਚ ਰੀਕਾਰਡ ਨਸ਼ਰ ਨਹੀਂ ਕਰ ਸਕਦੇ ਪਰ ਜੋ ਰੀਪੋਰਟ ਸੋਮਵਾਰ ਨੂੰ ਸਕੱਤਰ ਕੋਲ ਪੇਸ਼ ਕਰ ਦੇਣਗੇ। ਤਖ਼ਤ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਆਇਆ ਹੈ, ਕਿਉਂਕਿ ਸਬਜ਼ੀ ਖ਼ਰੀਦਣ ਲਈ ਲਿਖਤੀ ਹੁਕਮਾਂ ਨਾਲ ਸਟੋਰ ਵਾਲੇ ਮੁਲਾਜ਼ਮਾਂ ਨਾਲ ਇਕ ਮੈਨੇਜਰ ਪੱਧਰ ਦਾ ਅਧਿਕਾਰੀ ਤੇ ਇਕ ਇੰਸਪੈਕਟਰ ਨਾਲ ਜਾਂਦਾ ਸੀ।

ਇਸ ਵਿਚ ਜੇਕਰ ਕੋਈ ਮੁਲਾਜ਼ਮ ਕਸੂਰਵਾਰ ਪਾਇਆ ਜਾਵੇਗਾ ਤਾਂ ਉਸ ਵਿਰੁਧ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਨੇ ਕਿਹਾ ਕਿ ਰੀਪੋਰਟ ਆਉਣ ਮਗਰੋਂ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।