ਪੰਜਾਬ ਦੀ ਬਰਬਾਦੀ ਲਈ ਐਮਰਜੈਂਸੀ ਵੀ ਕਾਰਨ? 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀਆਂ ਵਲੋਂ ਲਾਏ ਗਏ ਐਮਰਜੈਂਸੀ ਵਿਰੁਧ ਮੋਰਚੇ ਤੋਂ ਇੰਦਰਾ ਗਾਂਧੀ ਬੇਹੱਦ ਖ਼ਫ਼ਾ ਸੀ?

Indira Gandhi

ਅੰਮਿ੍ਰਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): 46 ਸਾਲ ਪਹਿਲਾਂ ਜੂਨ 1975 ਵਿਚ ਲਾਈ ਗਈ ਐਮਰਜੈਂਸੀ ਦੀਆਂ ਵਧੀਕੀਆਂ ਦੇ ਜ਼ਖ਼ਮ ਅੱਜ ਵੀ ਅੱਲੇ ਹਨ। ਪੰਜਾਬ ਦੀ ਬਰਬਾਦੀ ਲਈ ਐਮਰਜੈਂਸੀ ਵੀ ਇਕ ਕਾਰਨ ਸੀ। ਅਕਾਲੀਆਂ ਵਲੋਂ ਲਾਏ ਗਏ ਐਮਰਜੈਂਸੀ ਮੋਰਚੇ ਤੋਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਬੇਹੱਦ ਖ਼ਫ਼ਾ ਸੀ। ਇੰਦਰਾ ਗਾਂਧੀ ਦੇ ਲਾਡਲੇ ਪੁੱਤ ਮਰਹੂਮ ਸੰਜੇ ਗਾਂਧੀ ਦੀਆਂ ਵਧੀਕੀਆਂ ਨੇ ਲੋਕਾਂ ਨੂੰ ਕਾਂਗਰਸ ਵਿਰੁਧ ਕਰ ਦਿਤਾ ਸੀ ਜਿਸ ਦਾ ਅੱਜ ਪਾਰਟੀ ’ਤੇ ਅਸਰ ਹੈ।

ਰਾਜਨੀਤਕ ਪੰਡਤਾਂ ਮੁਤਾਬਕ 12 ਜੂਨ 1975 ਨੂੰ ਵਿਰੋਧੀ ਧਿਰ ਦੇ ਨੇਤਾ ਮਰਹੂਮ ਰਾਜ ਨਰਾਇਣ ਦੀ ਪਟੀਸ਼ਨ ਤੇ ਇਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਚੋਣ ਰੱਦ ਕਰ ਦਿਤੀ ਸੀ। ਰਾਜ ਨਰਾਇਣ ਨੇ ਇੰਦਰਾ ਗਾਂਧੀ ਵਿਰੁਧ ਚੋਣ ਯੂ ਪੀ ਦੇ ਹਲਕੇ ਰਾਏ ਬਰੇਲੀ ਤੋਂ ਲੜੀ ਸੀ। ਇਸ ਫ਼ੈਸਲੇ ਵਿਰੁਧ ਇੰਦਰਾ ਗਾਂਧੀ ਵਿਰੁਧ ਵਿਰੋਧੀ ਧਿਰ ਨੇ ਤੂਫ਼ਾਨ ਲਿਆਂਦਾ। ਜੈ ਪ੍ਰਕਾਸ਼ ਸਿੰਘ ਨਰਾਇਣ, ਮੁਰਾਰਜੀ ਡਿਸਾਈ, ਚੌਧਰੀ ਚਰਨ ਸਿੰਘ ਆਦਿ ਸਮੇਤ ਚੋਟੀ ਦੇ ਸਿਆਸੀ ਲੀਡਰ ਜੇਲਾਂ ਵਿਚ ਡੱਕ ਦਿਤੇ। ਪੰਜਾਬ ਦੇ ਅਕਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਜਥੇਦਾਰ ਮੋਹਨ ਸਿੰਘ ਤੁੜ ਵੀ ਜੇਲਾਂ ਵਿਚ ਭੇਜ ਦਿਤੇ

ਜਿਨ੍ਹਾਂ ਐਮਰਜੈਂਸੀ ਵਿਰੁਧ ਅਕਾਲ ਤਖ਼ਤ ਸਾਹਿਬ ਤੋਂ ਲੋਕਾਂ ਦੇ ਹੱਕ ਖੋਹਣ ਵਿਰੁਧ ਮੋਰਚਾ ਲਾਇਆ ਜੋ ਕਰੀਬ ਪੌਣੇ ਦੋ ਸਾਲ ਇਸ ਦੇ ਖ਼ਾਤਮੇ ਤਕ ਚਲਿਆ। ਉਸ ਸਮੇਂ ਅਕਾਲੀਆਂ ਹੀ ਮੋਰਚਾ ਲਾਉਣ ਦੀ ਜੁਰੱਅਤ ਕੀਤੀ ਜਿਸ ਤੋਂ ਇੰਦਰਾ ਗਾਂਧੀ ਨੇੇ ਅਕਾਲੀ ਲੀਡਰਸ਼ਿਪ ਨੂੰ ਕਈ ਮਨ ਲੁਭਾਉਣੀਆਂ ਪੇਸ਼ਕਸ਼ਾਂ ਕੀਤੀਆਂ ਪਰ ਅਕਾਲੀ ਲੀਡਰ ਇਸ ਗੱਲ ਤੇ ਅੜ ਗਏ ਕਿ ਐਮਰਜੈਂਸੀ ਖ਼ਤਮ ਕਰਨ ਤੋਂ ਪਹਿਲਾਂ ਕੋਈ ਪੇਸ਼ਕਸ਼ ਪ੍ਰਵਾਨ ਨਹੀਂ ਕੀਤੀ ਜਾਵੇਗੀ। ਇਸ ਨਾਲ ਇੰਦਰਾ ਗਾਂਧੀ ਹੋਰ ਜ਼ਿਆਦਾ ਨਰਾਜ਼ ਹੋ ਗਈ ਤੇ ਅਕਾਲੀਆਂ (ਸਿੱਖਾਂ) ਨੂੰ ਸਬਕ ਸਿਖਾ ਕੇ ਮੋਰਚੇ ਲਾਉਣ ਤੋਂ ਤੋਬਾ ਕਰਨ ਲਈ ਵੱਡੇ ਕਦਮ ਚੁੱਕੇਗੀ।

ਇਹ ਵੀ ਪੜ੍ਹੋ - ਇਸ ਮਹੀਨੇ ਤੋਂ ਬੱਚਿਆਂ ਨੂੰ ਲੱਗਣਾ ਸ਼ੁਰੂ ਹੋ ਸਕਦਾ ਹੈ ਕੋਰੋਨਾ ਦਾ ਟੀਕਾ

ਐਮਰਜੈਂਸੀ ਸਮੇਂ ਸੰਜੇ ਗਾਂਧੀ ਨੇ ਸੀਨੀਅਰ ਕਾਂਗਰਸੀ ਲੀਡਰਸ਼ਿਪ ਨੂੰ ਖੁੱਡੇ ਲਾਇਨ ਲਾ ਕੇ ਮਨਮਰਜ਼ੀਆਂ ਕੀਤੀ। ਸ. ਸਵਰਨ ਸਿੰਘ ਵਿਦੇਸ਼ ਮੰਤਰੀ ਦਾ ਮੰਤਰਾਲਾ ਬਦਲ ਦਿਤਾ ਅਤੇ ਆਈ ਕੇ ਗੁਜ਼ਰਾਲ ਨੂੰ ਮਾਸਕੋ ਰਾਜਦੂਤ ਬਣਾ ਕੇ ਭੇਜ ਦਿਤਾ। ਇੰਦਰਾ ਗਾਂਧੀ ਸਿੱਖ ਵਿਰੋਧੀ ਸੀ ਤੇ ਪੰਜਾਬੀ ਸੂਬਾ ਨਾ ਬਣਨ ਦੇਣ ਲਈ ਉਸ ਨੇ ਜ਼ੋਰ ਲਾਇਆ ਪਰ ਸੱਤਾ ਦੀ ਚਾਬੀ ਜਦ ਇੰਦਰਾ ਗਾਂਧੀ ਕੋਲ ਆਈ ਤਾਂ ਉਸ ਨੇ ਅਪੰਗ ਪੰਜਾਬੀ ਸੂਬਾ ਬਣਾਇਆ ਜਿਸ ਤੋਂ ਪੰਜਾਬੀ ਖ਼ਾਸ ਕਰ ਕੇ ਸਿੱਖ ਅੱਜ ਵੀ ਪੀੜਤ ਹਨ।