ਡੇਰਾਬੱਸੀ ਘਟਨਾ : ਗੋਲੀ ਚਲਾਉਣ ਵਾਲਾ ASI ਸਸਪੈਂਡ, 3 ਮੈਂਬਰੀ SIT ਕਰੇਗੀ ਜਾਂਚ
ਬਹਿਸ ਦੌਰਾਨ ਵਿਅਕਤੀ ਦੀ ਲੱਤ ਵਿਚ ਮਾਰੀ ਸੀ ASI ਨੇ ਗੋਲੀ
ਚੰਡੀਗੜ੍ਹ : ਡੇਰਾਬੱਸੀ ਘਟਨਾ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਜਿਸ ਵਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ। ਦੱਸ ਦੇਈਏ ਕਿ ਡੇਰਾਬੱਸੀ ਵਿਖੇ ਨਾਕੇ ਦੌਰਾਨ ਕੁੱਝ ਲੋਕਾਂ ਨਾਲ ਪੁਲਿਸ ਮੁਲਾਜ਼ਮ ਦੀ ਬਹਿਸ ਹੋਈ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ ਜਿਸ ਦੌਰਾਨ ਇੱਕ ਨੌਜਵਾਨ ਦੀ ਲੱਤ 'ਚ ਗੋਲੀ ਲੱਗੀ।
ਇਸ ਮਾਮਲੇ ਵਿਚ ਗੋਲੀ ਚਲਾਉਣ ਵਾਲਾ ASI ਬਲਵਿੰਦਰ ਸਿੰਘ ਸਸਪੈਂਡ ਕਰ ਦਿੱਤਾ ਗਿਆ ਹੈ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਜਾਂਚ ਲਈ ਤਿੰਨ ਮੈਂਬਰੀ SIT ਦਾ ਵੀ ਗਠਨ ਕੀਤਾ ਗਿਆ ਹੈ। ਜ਼ਖਮੀ ਨੌਜਵਾਨ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮੋਹਾਲੀ ਪੁਲਿਸ ਨੇ ਡੇਰਾਬੱਸੀ ਦੇ ਹੈਬਤਪੁਰ ਰੋਡ 'ਤੇ ਇਕ ਵਿਅਕਤੀ ਅਤੇ ਉਸ ਦੇ ਸਾਥੀਆਂ ਨਾਲ ਹੋਏ ਝਗੜੇ ਦੌਰਾਨ ਇਕ ਵਿਅਕਤੀ 'ਤੇ ਗੋਲੀ ਚਲਾਉਣ ਦੇ ਦੋਸ਼ ਵਿਚ ਮੁਬਾਰਿਕਪੁਰ ਪੁਲਿਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।
ਮੁਹਾਲੀ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ “ਹਾਲਾਂਕਿ ਪੀੜਤ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ ਅਤੇ ਇਸ ਮਾਮਲੇ ਵਿੱਚ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ, ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਗੋਲੀ ਚਲਾਉਣ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਹੋਰ ਜਾਂਚ ਕਰਨ ਲਈ ਇੱਕ ਐਸਆਈਟੀ ਵੀ ਗਠਿਤ ਕੀਤੀ ਗਈ ਹੈ ਅਤੇ ਜੇਕਰ SI ਬਲਵਿੰਦਰ ਦੋਸ਼ੀ ਨਹੀਂ ਪਾਏ ਗਏ, ਤਾਂ ਫੈਸਲਾ ਰੱਦ ਕਰ ਦਿੱਤਾ ਜਾਵੇਗਾ।”