ਨਿਊਯਾਰਕ ’ਚ ਭਾਰਤੀ ਮੂਲ ਦੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ
ਨਿਊਯਾਰਕ ’ਚ ਭਾਰਤੀ ਮੂਲ ਦੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ
ਨਿਊਯਾਰਕ, 27 ਜੂਨ : ਨਿਊਯਾਰਕ ’ਚ ਆਪਣੇ ਘਰ ਦੇ ਬਾਹਰ ਪਾਰਕਿੰਗ ’ਚ ਖੜ੍ਹੀ ਗੱਡੀ ’ਚ ਬੈਠੇ ਭਾਰਤੀ ਮੂਲ ਦੇ 31 ਸਾਲਾ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਇਹ ਜਾਣਕਾਰੀ ਨਿਊਯਾਰਕ ਪੁਲਿਸ ਵਿਭਾਗ ਦੁਆਰਾ ਪ੍ਰਕਾਸ਼ਿਤ ਇਕ ਮੀਡੀਆ ਰਿਪੋਰਟ ਵਿਚ ਦਿਤੀ ਗਈ ਹੈ। ਇਹ ਘਟਨਾ ਮੈਰੀਲੈਂਡ ਵਿਚ ਇਕ ਭਾਰਤੀ ਨਾਗਰਿਕ ਦੇ ਸਿਰ ਵਿਚ ਗੋਲੀ ਮਾਰਨ ਤੋਂ ਕੁਝ ਦਿਨ ਬਾਅਦ ਵਾਪਰੀ ਹੈ।
‘ਨਿਊਯਾਰਕ ਪੋਸਟ’ ਵਿਚ ਛਪੀ ਰਿਪੋਰਟ ਮੁਤਾਬਕ ਸਤਨਾਮ ਸਿੰਘ ਸ਼ਨੀਵਾਰ ਦੁਪਹਿਰ ਕਰੀਬ 3.46 ਵਜੇ ਕੁਈਨਜ਼ ਦੇ ਸਾਊਥ ਓਜ਼ੋਨ ਪਾਰਕ ਵਿਚ ਖੜ੍ਹੀ ਕਾਰ ਵਿਚ ਜ਼ਖ਼ਮੀ ਹਾਲਤ ਵਿਚ ਮਿਲੇ। ਉਨ੍ਹਾਂ ਦੀ ਗਰਦਨ ਅਤੇ ਧੜ ’ਤੇ ਗੋਲੀਆਂ ਦੇ ਨਿਸ਼ਾਨ ਸਨ। ਜਾਣਕਾਰੀ ਮੁਤਾਬਕ ਸਿੰਘ ਆਪਣੇ ਇਕ ਦੋਸਤ ਤੋਂ ਲਈ ਗਈ ਕਾਲੇ ਰੰਗ ਦੀ ਰੈਂਗਲਰ ਸਹਾਰਾ ਜੀਪ ਵਿਚ ਬੈਠੇ ਹੋਏ ਸਨ, ਜਦੋਂ ਹਮਲਾਵਰ ਉਨ੍ਹਾਂ ਦੇ ਨੇੜੇ ਆਇਆ ਅਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਿੰਘ ਨੂੰ ਤੁਰੰਤ ਨੇੜੇ ਦੇ ਜਮਾਇਕਾ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ।
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਸਿੰਘ ਕੋਲ ਪੈਦਲ ਹੀ ਪਹੁੰਚਿਆ ਸੀ। ਪਰ, ਗੁਆਂਢੀਆਂ ਅਨੁਸਾਰ, ਉਹ ਸਿਲਵਰ ਰੰਗ ਦੀ ਸੇਡਾਨ ਵਿਚ ਸਵਾਰ ਸੀ ਅਤੇ ਸਿੰਘ ਦੀ ਜੀਪ ਕੋਲੋਂ ਲੰਘਦੇ ਸਮੇਂ ਉਨ੍ਹਾਂ ’ਤੇ ਗੋਲੀਆਂ ਚਲਾ ਦਿਤੀਆਂ।
ਕੈਪੇਲਾਨੀ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਉਨ੍ਹਾਂ ਦੇ ਘਰ ’ਚ ਲੱਗੇ ਸੁਰੱਖਿਆ ਕੈਮਰਿਆਂ ਵਿਚ ਰਿਕਾਰਡ ਹੋ ਗਈ ਸੀ, ਜਿਸ ਦੀ ਨਿਊਯਾਰਕ ਪੁਲਿਸ ਵਿਭਾਗ ਦੇ ਕਰਮਚਾਰੀ ਜਾਂਚ ਕਰ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਜਾਸੂਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਸਿੰਘ ਹਮਲਾਵਰ ਦੇ ਨਿਸ਼ਾਨੇ ’ਤੇ ਸੀ ਜਾਂ ਫਿਰ ਹਮਲਾਵਰ ਕਾਰ ਦੇ ਮਾਲਕ ਨੂੰ ਮਾਰਨਾ ਚਾਹੁੰਦਾ ਸੀ ਅਤੇ ਇਸ ਗੱਲ ਤੋਂ ਅਣਜਾਣ ਸੀ ਕਿ ਗੱਡੀ ਦੇ ਅੰਦਰ ਕੌਣ ਬੈਠਾ ਸੀ। ਮਿਲੀ ਜਾਣਕਾਰੀ ਦੇ ਮੁਤਾਬਕ ਇਸ ਘਟਨਾ ਦੇ ਸਬੰਧ ’ਚ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। (ਏਜੰਸੀ)