'ਆਪ' ਸਰਕਾਰ ਦਾ ਪਹਿਲਾ ਬਜਟ ਟੈਕਸ ਰਹਿਤ ਤੇ ਰਾਹਤਾਂ ਭਰਿਆ

ਏਜੰਸੀ

ਖ਼ਬਰਾਂ, ਪੰਜਾਬ

'ਆਪ' ਸਰਕਾਰ ਦਾ ਪਹਿਲਾ ਬਜਟ ਟੈਕਸ ਰਹਿਤ ਤੇ ਰਾਹਤਾਂ ਭਰਿਆ

image


ਵਿੱਤ ਮੰਤਰੀ ਚੀਮਾ ਨੇ ਪੇਸ਼ ਕੀਤਾ ਡਿਜੀਟਲ ਪੇਪਰਲੈਸ ਬਜਟ

 

ਚੰਡੀਗੜ੍ਹ, 27 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਅੱਜ ਪਹਿਲਾ ਬਜਟ ਪੇਸ਼ ਕੀਤਾ | 1,55.880 ਕਰੋੜ ਰੁਪਏ ਦੇ ਕੁਲ ਆਕਾਰ ਵਾਲੇ ਬਜਟ ਵਿਚ ਕੋਈ ਨਵਾਂ ਟੈਕਸ ਨਹੀਂ ਅਤੇ ਇਹ ਵੱਖ ਵੱਖ ਸਕੀਮਾਂ ਰਾਹੀਂ ਲੋਕਾਂ ਨੂੰ  ਰਾਹਤਾ ਦੇਣ ਵਾਲਾ ਬਜਟ ਹੈ |
ਇਹ ਵੀ ਜ਼ਿਕਰਯੋਗ ਹੈ ਕਿ ਪਹਿਲੀ ਵਾਰ ਡਿਜੀਟਲ ਪੇਪਰਲੈਸ ਬਜਟ ਪੇਸ਼ ਕੀਤਾ ਗਿਆ ਹੈ | ਇਸ ਨਾਲ ਕਾਗ਼ਜ਼ ਦੀ 21 ਲੱਖ ਰੁਪਏ ਦੀ ਬਚਤ ਹੋਵੇਗੀ | ਬਜਟ ਵਿਚ ਸੱਭ ਤੋਂ ਅਹਿਮ ਐਲਾਨ ਪਹਿਲੀ ਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਹੈ | ਔਰਤਾਂ ਲਈ ਭਾਵੇਂ 1000 ਰੁਪਏ ਮਹੀਨਾ ਦੇਣ ਦਾ ਇਸ ਬਜਟ ਵਿਚ ਕੋਈ ਐਲਾਨ ਨਹੀਂ ਪਰ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਖ਼ਜ਼ਾਨੇ ਦੀ ਹਾਲਤ ਠੀਕ ਹੁੰਦਿਆਂ ਛੇਤੀ ਹੀ ਇਹ ਗਰੰਟੀ ਵੀ ਹਰ ਹਾਲਤ ਵਿਚ ਪੂਰੀ ਕੀਤੀ ਜਾਵੇਗੀ | ਚੀਮਾ ਨੇ ਸਦਨ ਵਿਚ ਬਜਟ ਪੇਸ਼ ਕਰਦਿਆਂ ਕਿਹਾ ਕਿ ਉਹ ਲੋਕਾਂ ਵਲੋਂ ਬੇਮਿਸਾਲ ਬਹੁਮਤ ਲਈ ਧਨਵਾਦੀ ਹਨ ਅਤੇ ਕੀਤੇ ਵਾਅਦਿਆਂ ਮੁਤਾਬਕ ਭਿ੍ਸ਼ਟਾਚਾਰ ਤੇ ਹਰ ਤਰ੍ਹਾਂ ਦਾ ਮਾਫ਼ੀਆ ਖ਼ਤਮ ਕਰ ਕੇ ਕਾਨੂੰਨ ਦਾ ਰਾਜ ਕਾਇਮ ਕਰਨ ਲਈ ਵਚਨਬੱਧ ਹਨ | ਪੇਸ਼ ਬਜਟ ਤਜਵੀਜ਼ਾਂ ਮੁਤਾਬਕ ਮਾਲੀ ਘਾਟਾ 125553.80 ਕਰੋੜ ਰਹਿਣ ਦਾ ਅਨੁਮਾਨ ਹੈ | 2021-22 ਦੇ ਮੁਕਾਬਲੇ ਇਸ ਵਾਰ 2022-23 ਵਿਚ ਮਾਲੀ ਪ੍ਰਾਪਤੀਆਂ ਵਿਚ 17.08 ਫ਼ੀ ਸਦੀ ਦਾ ਵਾਧਾ ਹੋਵੇਗਾ |
ਟੈਕਸ ਚੋਰੀ ਰੋਕਣ ਤੇ ਟੈਕਸ ਪ੍ਰਣਾਲੀ ਵਿਚ ਬੇਹਤਰੀ ਲਈ ਟੈਕਸ ਇੰਟੈਲੀਜੈਂਟ ਯੂਨਿਟ ਬਣਾਉਣ ਦਾ ਐਲਾਨ ਕੀਤਾ ਗਿਆ ਹੈ | 36000 ਕੰਟਰੈਕਟ ਕਾਮਿਆਂ ਨੂੰ  ਪੱਕੇ ਕਰਨ ਲਈ ਇਸੇ ਸੈਸ਼ਨ ਵਿਚ ਬਿਲ ਲਿਆ ਕੇ ਪੱਕੇ ਕਰਨ ਅਤੇ ਵਪਾਰੀ ਕਮਿਸ਼ਨ ਦੇ ਗਠਨ ਦੀਆਂ ਤਜਵੀਜ਼ਾਂ ਵੀ ਬਜਟ ਵਿਚ ਸ਼ਾਮਲ ਹਨ |
ਇਸ ਤੋਂ ਇਲਾਵਾ 26 ਹਜ਼ਾਰ ਨਵੇਂ ਮੁਲਾਜ਼ਮ ਖ਼ਾਲੀ ਪੋਸਟਾਂ ਉਪਰ 2 ਮਹੀਨੇ ਅੰਦਰ ਭਰਤੀ ਕਰਨ ਅਤੇ ਪੰਜਾਬ ਵਿਚ ਖੇਤਰੀ ਪੱਧਰ ਉਪਰ ਮੁੱਖ ਮੰਤਰੀ ਦਫ਼ਤਰ ਖੋਲ੍ਹਣ ਦੀ ਤਜਵੀਜ਼ ਵੀ ਬਜਟ ਵਿਚ ਸ਼ਾਮਲ ਹੈ | ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਕ ਵਿਧਾਇਕ ਇਕ ਪੈਨਸ਼ਨ ਦਾ ਬਿਲ ਇਸੇ ਸੈਸ਼ਨ ਵਿਚ ਆਉਣ ਨਾਲ 19.57 ਕਰੋੜ ਦੀ ਬੱਚਤ ਹੋਵੇਗੀ | ਬਜਟ ਵਿਚ ਮੋਹਾਲੀ ਵਿਖੇ ਸਾਬਕਾ ਫ਼ੌਜੀਆਂ ਲਈ ਓਲਡਏਜ ਹੋਮ ਬਣਾਉਣ ਦੀ ਤਜਵੀਜ਼ ਵੀ ਸ਼ਾਮਲ ਹੈ |