5 ਦਿਨਾਂ ਤੋਂ ਲਾਪਤਾ ਨੌਜੁਆਨ ਦੀ ਭਾਲ ਜਾਰੀ, ਨਹਿਰ ਵਿਚ ਛਾਲ ਮਾਰਨ ਦਾ ਜਤਾਇਆ ਜਾ ਰਿਹਾ ਖ਼ਦਸ਼ਾ
ਗੋਤਾਖੋਰਾਂ ਨੂੰ ਅਜੇ ਤਕ ਨੌਜੁਆਨ ਬਾਰੇ ਕੋਈ ਸੁਰਾਗ਼ ਨਹੀਂ ਮਿਲਿਆ
ਹੁਸ਼ਿਆਰਪੁਰ: ਜ਼ਿਲ੍ਹੇ ਦੇ ਹਲਕਾ ਦਸੂਹਾ ਦੇ ਪਿੰਡ ਗਗ ਸੁਲਤਾਨ ਦਾ 25 ਸਾਲਾ ਨੌਜੁਆਨ ਲਵਦੀਪ ਸਿੰਘ ਪਿਛਲੇ 5 ਦਿਨਾਂ ਤੋਂ ਲਾਪਤਾ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸ ਨੇ ਨਹਿਰ ਵਿਚ ਛਾਲ ਮਾਰੀ ਹੈ, ਜਿਸ ਦੇ ਚਲਦਿਆਂ ਗੋਤਾਖੋਰਾਂ ਦੀ ਟੀਮ ਦੀ ਮਦਦ ਨਾਲ ਦੋ ਦਿਨਾਂ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਗੋਤਾਖੋਰਾਂ ਨੂੰ ਅਜੇ ਤਕ ਨੌਜੁਆਨ ਬਾਰੇ ਕੋਈ ਸੁਰਾਗ਼ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਵਲੋਂ ਕੰਢੀ ਖੇਤਰ ਵਿਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਯਤਨ ਹੋਰ ਤੇਜ਼ ਕਰਨ ਦੇ ਹੁਕਮ
ਨੌਜੁਆਨ ਦੇ ਪਿਤਾ ਰਤਨ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਲੜਕਾ ਲਵਦੀਪ 5 ਦਿਨ ਪਹਿਲਾਂ ਸਵੇਰੇ 4 ਵਜੇ ਅਚਾਨਕ ਘਰੋਂ ਬਿਨਾਂ ਕਿਸੇ ਨੂੰ ਕੁੱਝ ਦੱਸੇ ਚਲਾ ਗਿਆ। ਜਦੋਂ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਹਾਈਡਲ ਨਹਿਰ ਦੇ ਕਿਨਾਰੇ ਸੈਰ ਕਰ ਰਹੇ ਕੁਝ ਨੌਜਵਾਨਾਂ ਨੇ ਦਸਿਆ ਕਿ ਉਨ੍ਹਾਂ ਨੇ ਕਿਸੇ ਵਿਅਕਤੀ ਨੂੰ ਨਹਿਰ 'ਚ ਡੁੱਬਦੇ ਦੇਖਿਆ ਹੈ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਡੁੱਬ ਰਹੇ ਵਿਅਕਤੀ ਦਾ ਚਿਹਰਾ ਨਹੀਂ ਦੇਖ ਸਕੇ।
ਇਹ ਵੀ ਪੜ੍ਹੋ: ਇਟਲੀ ਵਿਚ ਏਅਰਪੋਰਟ ਚੈਕਿੰਗ ਅਫ਼ਸਰ ਬਣੀ ਪੰਜਾਬ ਦੀ ਧੀ
ਇਸ ਲਈ ਸ਼ੱਕ ਦੇ ਆਧਾਰ 'ਤੇ ਲਵਦੀਪ ਦੀ ਨਹਿਰ 'ਚ ਭਾਲ ਕੀਤੀ ਜਾ ਰਹੀ ਹੈ। ਰਤਨ ਸਿੰਘ ਨੇ ਦਸੂਹਾ ਪੁਲਿਸ ਨੂੰ ਵੀ ਅਪੀਲ ਕੀਤੀ ਹੈ ਕਿ ਉਸ ਦੇ ਲੜਕੇ ਨੂੰ ਲੱਭਣ ਵਿਚ ਮਦਦ ਕੀਤੀ ਜਾਵੇ। ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਪ੍ਰਵਾਰ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾ ਦਿਤਾ ਹੈ।