Punjab News: ਜੇਕਰ ਸ੍ਰੀ ਦਰਬਾਰ ਸਾਹਿਬ ਵਿਚ ਨਮਾਜ਼ ਪੜ੍ਹਨਾ ਗ਼ਲਤ ਨਹੀਂ ਤਾਂ ਫਿਰ ਯੋਗਾ ਕਿਸ ਤਰ੍ਹਾਂ ਗ਼ਲਤ ਹੋ ਸਕਦੈ?: ਜਗਮੋਹਨ ਰਾਜੂ
ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭਾਜਪਾ ਆਗੂ ਜਗਮੋਹਨ ਰਾਜੂ ਨੇ ਯੋਗਾ ਮਾਮਲੇ ’ਚ ਲਿਖੀ ਚਿੱਠੀ
Punjab News: ਗੁਜਰਾਤੀ ਲੜਕੀ ਅਰਚਨਾ ਮਕਵਾਨਾ ਵਲੋਂ ਸ੍ਰੀ ਦਰਬਾਰ ਸਾਹਿਬ ਪਰਿਕਰਮਾ ਵਿਚ ਯੋਗਾ ਕਰਨ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦਰਮਿਆਨ ਭਾਜਪਾ ਨੇ ਵੀ ਦਖ਼ਲ ਦੇ ਦਿਤਾ ਹੈ।
ਇਸ ਮਾਮਲੇ ਵਿਚ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਵੀ ਦੇ ਇੰਚਾਰਜ ਅਤੇ ਸਾਬਕਾ ਆਈਏਐਸ ਅਧਿਕਾਰੀ ਜਗਮੋਹਨ ਸਿੰਘ ਰਾਜੂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖੀ ਹੈ। ਇਹ ਚਿੱਠੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
ਚਿੱਠੀ ਵਿਚ ਉਨ੍ਹਾਂ ਨੇ ਪ੍ਰਧਾਨ ਨੂੰ ਪੁੱਛਿਆ ਹੈ ਕਿ ਜੇਕਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਵਲੋਂ ਨਮਾਜ਼ ਪੜ੍ਹਨਾ ਗ਼ਲਤ ਨਹੀਂ ਤਾਂ ਫਿਰ ਉਕਤ ਲੜਕੀ ਵਲੋਂ ਕੀਤਾ ਗਿਆ ਯੋਗ ਕਿਸ ਤਰ੍ਹਾਂ ਗ਼ਲਤ ਹੋ ਸਕਦਾ ਹੈ।
ਉਨ੍ਹਾਂ ਐਡਵੋਕੇਟ ਧਾਮੀ ਨੂੰ ਲਿਖਿਆ ਕਿ ਮੈਂ ਤੁਹਾਨੂੰ ਇਕ ਨਿਮਾਣੇ ਸਿੱਖ ਵਜੋਂ ਇਹ ਚਿੱਠੀ ਲਿਖ ਰਿਹਾ ਹਾਂ। ਦੋ ਦਿਨ ਪਹਿਲਾਂ ਮੈਂ ਸ਼ੋਸ਼ਲ ਮੀਡੀਆ ’ਤੇ ਸ੍ਰੀ ਹਰਮਿੰਦਰ ਸਾਹਿਬ ਦੀ ਪਰਿਕਰਮਾ ’ਤੇ ਇਕ ਔਰਤ ਨੂੰ ਯੋਗਾ ਕਰਦੇ ਦੇਖਿਆ। ਦਰਸ਼ਨੀ ਡਿਉੜੀ ਵੱਲ ਪਿੱਠ ਕਰ ਕੇ ਯੋਗ ਆਸਨ ਵਿਚ ਇਸ ਔਰਤ ਦੀ ਤਸਵੀਰ ਨੇ ਮੇਰੇ ਵਰਗੇ ਕਰੋੜਾਂ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦੁੱਖੀ ਹੋ ਕੇ, ਮੈਂ ਅਪਣੇ ਫ਼ੇਸਬੁੱਕ ਪੇਜ ’ਤੇ ਇਕ ਪੋਸਟ ਵਿਚ, ਮੈਂ ਇਸ ਨਿੰਦਣਯੋਗ ਕਾਰੇ ਦੀ ਸਖ਼ਤ ਨਿੰਦਾ ਕੀਤੀ ਸੀ। ਪਰ ਹੁਣ ਕੁਝ ਲੋਕਾਂ ਨੇ ਮੇਰੀ ਪੋਸਟ ’ਤੇ ਇਹ ਸਵਾਲ ਪੁੱਛਿਆ ਹੈ? ਜੇਕਰ ਗੁਰਦੁਆਰੇ ਦੀ ਪਰਿਕਰਮਾ ਵਿਚ ਯੋਗਾ ਕਰਨਾ ਬੇਅਦਬੀ ਹੈ ਤਾਂ ਗੁਰਦੁਆਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਮਾਜ਼ ਅਦਾ ਕਰਨਾ ਬੇਅਦਬੀ ਕਿਉਂ ਨਹੀਂ? ਲੋਕਾਂ ਵਲੋਂ ਉਠਾਇਆ ਗਿਆ ਸਵਾਲ ਬੇਬੁਨਿਆਦ ਨਹੀਂ ਜਾਪਦਾ।