UP News : ਸਰਕਾਰੀ ਨੌਕਰੀ ਦੱਸ ਕੇ ਕਰਵਾਇਆ ਵਿਆਹ, ਬਾਅਦ 'ਚ ਲਾੜਾ ਨਿਕਲਿਆ ਡਰਾਈਵਰ, ਸੱਚਾਈ ਜਾਣ ਕੇ ਪਤਨੀ ਹੋਈ ਹੈਰਾਨ
ਫਿਲਹਾਲ ਮਾਮਲੇ 'ਚ ਪਤੀ ਸਮੇਤ ਸਹੁਰੇ ਪੱਖ ਦੇ 7 ਲੋਕਾਂ ਖਿਲਾਫ ਐੱਫ.ਆਈ.ਆਰ.ਦਰਜ ਹੋ ਗਈ
UP News : ਯੂਪੀ ਦੇ ਬਾਂਦਾ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਲੜਕੀ ਨੇ ਆਰੋਪ ਲਗਾਇਆ ਹੈ ਕਿ ਵਿਆਹ ਤੋਂ ਪਹਿਲਾਂ ਉਸ ਦੇ ਪਤੀ ਨੇ ਖੁਦ ਨੂੰ ਸਰਕਾਰੀ ਮੁਲਾਜ਼ਮ ਦੱਸਿਆ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਉਹ ਇਕ ਪ੍ਰਾਈਵੇਟ ਗੱਡੀ ਦਾ ਡਰਾਈਵਰ ਹੈ। ਇਸ ਤੋਂ ਨਾਰਾਜ਼ ਹੋ ਕੇ ਪਤਨੀ ਥਾਣੇ ਪਹੁੰਚ ਗਈ। ਫਿਲਹਾਲ ਮਾਮਲੇ 'ਚ ਪਤੀ ਸਮੇਤ ਸਹੁਰੇ ਪੱਖ ਦੇ 7 ਲੋਕਾਂ ਖਿਲਾਫ ਐੱਫ.ਆਈ.ਆਰ.ਦਰਜ ਹੋ ਗਈ ਹੈ।
ਸ਼ਿਕਾਇਤਕਰਤਾ ਲੜਕੀ ਅਨੁਸਾਰ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਧੋਖਾ ਦੇ ਕੇ ਇਹ ਵਿਆਹ ਕਰਵਾਇਆ ਸੀ। ਵਿਆਹ ਤੋਂ ਪਹਿਲਾਂ ਸਹੁਰੇ ਵਾਲਿਆਂ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਲੜਕਾ ਸਰਕਾਰੀ ਨੌਕਰੀ 'ਤੇ ਹੈ। ਹਰਿਆਣਾ ਵਿੱਚ ਵੀ ਮਕਾਨ, ਪਲਾਟ ਆਦਿ ਹਨ। ਜਿਸ ਤੋਂ ਬਾਅਦ ਮੇਰੇ ਪਰਿਵਾਰ ਨੇ 2020 ਵਿੱਚ ਉਨ੍ਹਾਂ ਦੇ ਬੇਟੇ ਨਾਲ ਵਿਆਹ ਕਰ ਦਿੱਤਾ।
ਪਰ ਜਦੋਂ ਮੈਂ ਆਪਣੇ ਸਹੁਰੇ ਘਰ ਪਹੁੰਚੀ ਤਾਂ ਪਤਾ ਲੱਗਾ ਕਿ ਲੜਕਾ ਕੋਈ ਨੌਕਰੀ ਨਹੀਂ ਕਰਦਾ ਸਗੋਂ ਡਰਾਈਵਰ ਹੈ। ਉਹ ਪ੍ਰਾਈਵੇਟ ਕਾਰ ਚਲਾਉਂਦਾ ਹੈ। ਸੱਚਾਈ ਜਾਣ ਕੇ ਮੈਂ ਹੈਰਾਨ ਰਹਿ ਗਈ। ਜਦੋਂ ਉਸ ਨੇ ਇਸ ਬਾਰੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ। ਮਜਬੂਰੀ ਵੱਸ ਪੁਲਿਸ ਕੋਲ ਜਾਣਾ ਪਿਆ। ਮੈਂ ਕਈ ਸਾਲਾਂ ਤੋਂ ਸਹਿੰਦੀ ਆ ਰਹੀ ਸੀ ਪਰ ਹੁਣ ਨਹੀਂ.
ਫਿਲਹਾਲ ਪੀੜਤਾ ਨੇ ਥਾਣੇ ਪਹੁੰਚ ਕੇ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਪਤੀ ਅਤੇ ਉਸ ਦੇ ਪਰਿਵਾਰ ਦੇ 7 ਮੈਂਬਰਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਐਫਆਈਆਰ ਮੁਤਾਬਕ ਪੀੜਤਾ ਦਾ ਨਾਮ ਅਨੁਰਾਧਾ ਦੇਵੀ ਹੈ ਅਤੇ ਉਸ ਨੇ ਆਪਣੇ ਪਤੀ ਰਵੀ ਕੁਮਾਰ, ਉਸ ਦੇ ਪਿਤਾ ਰਾਕੇਸ਼ ਕੁਮਾਰ, ਸੱਸ ਪਿੰਕੀ ਕੁਮਾਰੀ, ਜੀਜਾ ਅੰਕਿਤ ਸਮੇਤ ਸਹੁਰੇ ਪੱਖ ਦੇ 7 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਪੀੜਤਾ ਦਾ ਦੋਸ਼ ਹੈ ਕਿ ਉਸ ਦੇ ਸਹੁਰੇ ਉਸ ਨੂੰ ਦਾਜ ਲਈ ਕੁੱਟਦੇ ਸਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸਨ।