ਪਾਕਿਸਤਾਨ ਵਲੋਂ ਗੋਲੀਬਾਰੀ 'ਚ ਗੁਰਦਾਸਪੁਰ ਦਾ ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

4 ਸਾਲ ਪਹਿਲਾਂ ਹੀ ਫ਼ੌਜ 'ਚ ਭਰਤੀ ਹੋਇਆ ਸੀ ਰਜਿੰਦਰ ਸਿੰਘ

Rajinder Singh

ਗੁਰਦਾਸਪੁਰ : ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕਰਦਿਆਂ ਕੀਤੀ ਗੋਲੀਬਾਰੀ 'ਚ ਗੁਰਦਾਸਪੁਰ ਦੇ ਪਿੰਡ ਪੱਬਾਂਰਾਲੀ ਦਾ ਰਹਿਣ ਵਾਲਾ ਫ਼ੌਜੀ ਰਜਿੰਦਰ ਸਿੰਘ ਸ਼ਹੀਦ ਹੋ ਗਿਆ। ਉਹ ਮਾਛਲ ਸੈਕਟਰ 'ਚ ਡਿਊਟੀ 'ਤੇ ਤਾਇਨਾਤ ਸੀ। ਉਸ ਦਾ ਲਗਭਗ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦਾ 7 ਮਹੀਨਾ ਦਾ ਇਕ ਬੇਟਾ ਵੀ ਹੈ। ਵਿਆਹ ਤੋਂ ਬਾਅਦ ਉਹ ਸਿਰਫ਼ 2 ਵਾਰ ਹੀ ਛੁੱਟੀ 'ਤੇ ਘਰ ਆਇਆ ਸੀ।

ਰਜਿੰਦਰ ਸਿੰਘ ਨੇ ਭਰਾ ਮੁਤਾਬਕ ਉਹ 4 ਸਾਲ ਪਹਿਲਾਂ ਹੀ ਫ਼ੌਜ 'ਚ ਭਰਤੀ ਹੋਇਆ ਸੀ। ਬੀਤੇ ਮਾਰਚ ਮਹੀਨੇ ਉਹ ਛੁੱਟੀ ਲੈ ਕੇ ਘਰ ਆਇਆ ਸੀ। ਕੁਝ ਦਿਨ ਪਹਿਲਾਂ ਉਸ ਨੇ ਫ਼ੋਨ ਕਰ ਕੇ ਦਸਿਆ ਸੀ ਕਿ ਡਿਊਟੀ ਕਾਰਨ ਉਹ ਹੁਣ 3 ਦਿਨ ਤਕ ਗੱਲ ਨਹੀਂ ਕਰ ਸਕੇਗਾ। ਇਸ ਦੌਰਾਨ ਉਸ ਦੀ ਮੌਤ ਦੀ ਖ਼ਬਰ ਆ ਗਈ। ਸ਼ਹੀਦ ਦੀ ਮਾਂ ਨੇ ਦਸਿਆ ਕਿ ਦੇਸ਼ ਦੀ ਸੇਵਾ ਕਰਨ ਲਈ ਉਹ ਫ਼ੌਜ 'ਚ ਭਰਤੀ ਹੋਇਆ ਸੀ।

ਪਰਵਾਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਹੈ ਅਤੇ ਰਜਿੰਦਰ ਦੇ ਫ਼ੌਜ 'ਚ ਜਾਣ ਕਾਰਨ ਪਰਵਾਰ ਨੂੰ ਕਾਫੀ ਸਹਾਰਾ ਮਿਲਿਆ ਸੀ। ਇਹ ਜਵਾਨ 57 ਰਾਸ਼ਟਰੀਆ ਰਾਈਫਲਜ਼ ਨਾਲ ਸ਼੍ਰੀਨਗਰ ਵਿਚ ਤਾਇਨਾਤ ਸੀ।