ਕਰੋਨਾ ਦਾ ਅਸਰ : ਐਤਕੀਂ ਨਹੀਂ ਭਰੇਗਾ ਰੱਖੜ ਪੁੰਨਿਆ ਦਾ ਮੇਲਾ, ਨਹੀਂ ਮਿਲੇਗੀ ਇਕੱਠ ਦੀ ਇਜਾਜ਼ਤ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੂੰ ਘਰਾਂ ਅੰਦਰ ਰਹਿ ਕੇ ਅਰਦਾਸ ਕਰਨ ਦੀ ਅਪੀਲ

Rakhrar Punnia Mela

ਅੰਮ੍ਰਿਤਸਰ : ਦੇਸ਼ ਭਰ ਅੰਦਰ ਕਰੋਨਾ ਕੇਸਾਂ ਦਾ ਵਧਣਾ ਜਾਰੀ ਹੈ। ਲੰਮੇ ਲੌਕਡਾਊਨ ਤੋਂ ਬਾਅਦ ਭਾਵੇਂ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਰਿਆਇਤਾਂ ਦਿਤੀਆਂ ਜਾ ਚੁੱਕੀਆਂ ਹਨ, ਪਰ ਕਰੋਨਾ ਦੇ ਖ਼ਤਰੇ ਨੂੰ ਭਾਂਪਦਿਆਂ ਅਜੇ ਤਕ ਜਨਤਕ ਇਕੱਠਾ ਤੋਂ ਇਲਾਵਾ ਮੇਲਿਆਂ ਆਦਿ 'ਤੇ ਪਾਬੰਦੀ ਜਾਰੀ ਹੈ। ਇਨ੍ਹਾਂ ਪਾਬੰਦੀਆਂ ਦਾ ਅਸਰ ਹਰ ਸਾਲ ਹੋਣ ਵਾਲੇ ਰੱਖੜ ਪੁੰਨਿਆਂ ਦੇ ਮੇਲੇ 'ਤੇ ਪੈਣਾ ਵੀ ਲਗਭਗ ਤੈਅ ਹੈ।

ਬਾਬਾ ਬਕਾਲਾ ਵਿਖੇ ਹਰ ਸਾਲ ਲੱਗਣ ਵਾਲੇ ਇਸ ਮੇਲੇ ਵਿਚ ਵੱਡੀ ਗਿਣਤੀ ਸ਼ਰਧਾਲੂ ਇਕੱਤਰ ਹੁੰਦੇ ਹਨ। ਪ੍ਰਸ਼ਾਸਨ ਨੇ ਇਸ ਸਾਲ ਮੇਲੇ ਮੌਕੇ ਇਕੱਠ ਕਰਨ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿਤੀ ਹੈ। ਇਹ ਮੇਲਾ ਅੰਮ੍ਰਿਤਸਰ ਜ਼ਿਲ੍ਹੇ ਦੀ ਇਤਿਹਾਸਕ ਨਗਰੀ ਬਾਬਾ ਬਕਾਲਾ ਵਿਖੇ ਹਰ ਸਾਲ ਸੌਣ ਮਹੀਨੇ ਦੇ ਪੁੰਨਿਆ ਮੌਕੇ ਜੁੜਦਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਤਾਬਕ ਇਸ ਵਾਰ ਮੇਲੇ ਵਿਚ ਇਕੱਠ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

ਪ੍ਰਸ਼ਾਸਨ ਵਲੋਂ ਲੋਕਾਂ ਨੂੰ ਘਰਾਂ ਅੰਦਰ ਹੀ ਰਹਿ ਕੇ ਅਰਦਾਸ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਮੁਤਾਬਕ ਜ਼ਰੂਰਤ ਪੈਣ 'ਤੇ ਬਾਜ਼ਾਰਾਂ ਨੂੰ ਬੰਦ ਵੀ ਕੀਤਾ ਜਾ ਸਕਦਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਮੁਤਾਬਕ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪਹਿਲਾਂ ਹੀ ਬੇਨਤੀ ਕੀਤੀ ਜਾ ਚੁੱਕੀ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵੀ ਲੋਕਾਂ ਨੂੰ ਘਰਾਂ ਅੰਦਰ ਰਹਿ ਕੇ ਅਰਦਾਸ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਕਾਬਲੇਗੌਰ ਹੈ ਕਿ ਬਾਬਾ ਬਕਾਲਾ ਵਿਖੇ ਲੱਗਣ ਵਾਲਾ ਰੱਖੜ ਪੁੰਨਿਆਂ ਦੇ ਇਹ ਮੇਲਾ ਪੰਜਾਬ ਦੇ ਚਾਰ ਵੱਡੇ ਪ੍ਰਸਿੱਧ ਮੇਲਿਆਂ 'ਚ ਸ਼ੁਮਾਰ ਹੈ। ਇਸ ਵਾਰ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਰਿਸ਼ਕ ਲੈਣ ਦੀ ਮੂੜ 'ਚ ਨਹੀਂ ਹੈ। ਪ੍ਰਸ਼ਾਸਨ ਨੇ ਮੇਲੇ ਮੌਕੇ ਲੱਗਣ ਵਾਲੇ ਕਿਸੇ ਵੀ ਕਿਸਮ ਦੇ ਸਟਾਲ, ਪੰਗੂੜੇ ਜਾਂ ਹੋਰ ਗਤੀਵਿਧੀ ਕਰਨ ਦੀ ਇਜਾਜ਼ਤ ਨਹੀਂ ਦਿਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।