ਕੱਲ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪੈਟਰੋਲ ਪੰਪ ਰਹਿਣਗੇ ਬੰਦ

ਏਜੰਸੀ

ਖ਼ਬਰਾਂ, ਪੰਜਾਬ

29 ਜੁਲਾਈ ਦਿਨ ਬੁੱਧਵਾਰ ਨੂੰ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ (ਪੀਪੀਡੀਏਪੀ) ਵੱਲੋਂ ਸੂਬੇ ਭਰ ਵਿਚ ਹੜਤਾਲ ਕੀਤੀ ਜਾਵੇਗੀ।

Petrol pump

ਚੰਡੀਗੜ੍ਹ: 29 ਜੁਲਾਈ ਦਿਨ ਬੁੱਧਵਾਰ ਨੂੰ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ (ਪੀਪੀਡੀਏਪੀ) ਵੱਲੋਂ ਸੂਬੇ ਭਰ ਵਿਚ ਹੜਤਾਲ ਕੀਤੀ ਜਾਵੇਗੀ। ਪੂਰੇ ਪੰਜਾਬ ਵਿਚ ਬੁੱਧਵਾਰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸੂਬੇ ਦੇ ਸਾਰੇ ਪੈਟਰੋਲ ਪੰਪ ਬੰਦ ਰੱਖੇ ਜਾਣਗੇ।  ਪੀਪੀਡੀਏਪੀ ਦੇ ਮੁਖੀ ਪਰਮਜੀਤ ਸਿੰਘ ਦੋਆਬਾ ਨੇ ਜਨਤਾ ਨੂੰ ਹੜਤਾਲ ਵਿਚ ਪੂਰਾ ਸਮਰਥਨ ਦੇਣ ਦੀ ਅਪੀਲ ਕੀਤੀ ਹੈ।

ਪਰਮਜੀਤ ਸਿੰਘ ਦੋਆਬਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖਜ਼ਾਨਾ ਭਰਨ ਲਈ ਵਿਚ ਪੈਟਰੋਲ-ਡੀਜ਼ਲ ਦੀ ਵਿਕਰੀ ‘ਤੇ ਭਾਰੀ ਵੈਟ ਥੋਪਿਆ ਹੈ। ਇਸ ਦੀ ਅਸਲ ਮਾਰ ਜਨਤਾ ‘ਤੇ ਪੈ ਰਹੀ ਹੈ। ਪੰਜਾਬ ਵਿਚ ਲੋਕਾਂ ਨੂੰ ਪੈਟਰੋਲ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਤਿੰਨ ਰੁਪਏ ਪ੍ਰਤੀ ਲੀਟਰ ਮਹਿੰਗਾ ਖਰੀਦਣਾ ਪੈ ਰਿਹਾ ਹੈ।

ਪਰਮਜੀਤ ਸਿੰਘ ਦੋਆਬਾ ਨੇ ਕਿਹਾ ਕਿ ਬੁੱਧਵਾਰ ਨੂੰ ਜੀਐਸ ਚਾਵਲਾ ਆਤਮਹੱਤਿਆ ਮਾਮਲੇ ਵਿਚ ਦੋਸ਼ੀਆਂ ਖਿਲਾਫ਼ ਜਾਂਚ ਅਤੇ ਸਖ਼ਤ ਕਾਰਵਾਈ, ਵੈਟ ਦੀਆਂ ਉਚੀਆਂ ਦਰਾਂ, ਤੇਲ ਕੰਪਨੀਆਂ ਦੀ ਧੱਕੇਸ਼ਾਹੀ ਅਤੇ ਬੀਤੇ 3 ਸਾਲਾਂ ਤੋਂ ਡੀਲਰਜ਼ ਦੇ ਬਕਾਇਆ ਮਾਰਜਨ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ।

ਹੜਤਾਲ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਡ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ ਦੇ ਡੀਲਰਜ਼ ਨਾਲ ਸੰਪਰਕ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਬੁੱਧਵਾਰ ਨੂੰ ਪੀਪੀਡੀਏਪੀ ਦੀਆਂ ਟੀਮਾਂ ਵੱਲੋਂ ਇਹ ਯਕੀਨੀ ਕੀਤਾ ਜਾਵੇਗਾ ਕਿ ਕੋਈ ਵੀ ਪੈਟਰੋਲ ਪੰਪ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪੈਟਰੋਲ-ਡੀਜ਼ਲ ਦੀ ਵਿਕਰੀ ਨਹੀਂ ਕਰੇਗਾ।

ਇਸ ਤੋਂ ਇਲਾਵਾ ਜਲੰਧਰ ਫੈਡਰੇਸ਼ਨ ਆਫ ਐਲਪੀਜੀ ਡਿਸਟ੍ਰੀਬਿਊਟਰਸ ਆਫ ਪੰਜਾਬ ਨੇ ਵੀ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ (ਪੀਪੀਡੀਏਪੀ) ਦੀ 29 ਜੁਲਾਈ ਦੀ ਹੜਤਾਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।