ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਮੋਬਾਈਲ ਭੱਤਿਆਂ ਵਿਚ ਕੀਤੀ ਕਟੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਤਰੀਆਂ ਦੇ ਮੋਬਾਈਲ ਭੱਤੇ ਪਹਿਲਾਂ ਵਾਂਗ ਰਹਿਣਗੇ 

Punjab Govt Reduces Mobile Allowances Of Employees

ਚੰਡੀਗੜ੍ਹ, 27 ਜੁਲਾਈ (ਗੁਰਉਪਦੇਸ਼ ਸਿੰਘ ਭੁੱਲਰ) : ਪੰਜਾਬ ਸਰਕਾਰ ਨੇ ਅੱਜ ਸੂਬੇ ਦੇ ਮੁਲਾਜ਼ਮਾਂ ਨੂੰ ਮਿਲਦੇ ਮੋਬਾਈਲ ਫ਼ੋਨ ਭੱਤੇ ਵਿਚ ਕਟੋਤੀ ਕਰ ਦਿਤੀ ਹੈ। ਇਸ ਸਬੰਧ ਵਿਚ ਵਿਤ ਵਿਭਾਗ ਨੇ ਬਕਾਇਦਾ ਤੌਰ ’ਤੇ ਪੱਤਰ ਜਾਰੀ ਕਰ ਦਿਤਾ ਹੈ। ਰਾਜ ਦੀ ਵਿਤੀ ਹਾਲਤ ਦੇ ਮਦੇਨਜ਼ਰ ਖ਼ਰਚਿਆਂ ਵਿਚ ਕਟੋਤੀ ਦੇ ਕਦਮਾਂ ਤਹਿਤ ਇਹ ਫ਼ੈਸਲਾ ਲਾਗੂ ਕੀਤਾ ਗਿਆ ਹੈ ਪਰ ਮੁਲਾਜ਼ਮ ਸੰਗਠਨਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾਹੈ। ਜ਼ਿਕਰਯੋਗ ਹੈ ਹੈ ਕਿ ਭਵੇਂ ਮੁਲਾਜਮਾਂ ਦੇ ਮੋਬਾਈਲ ਭੱਤੇ ਵਿਚ ਤਾਂ ਵੱਡੀ ਕਟੋਤੀ ਕਰ ਕੇ ਹੁਣ ਮਿਲਣ ਵਾਲੇ ਭੱਤੇ ਦੀ ਰਾਸ਼ੀ ਬਹੁਤ ਘਟ ਕਰ ਦਿਤੀ ਗਈ ਹੈ

ਪਰ ਮੰਤਰੀਆਂ ਨੂੰ ਮਿਲਦੇ ਪ੍ਰਤੀ ਮਹੀਨਾ 15000 ਰੁਪਏ ਮੋਬਾਈਲ ਭੱਤੇ ਨੂੰ ਬਰਕਰਾਰ ਰਖਿਆ ਹੈ। ਜ਼ਿਕਰਯੋਗ ਹੈ ਕਿ ਮੁਲਾਜ਼ਮਾਂ ਨੂੰ ਪਹਿਲਾਂ 500 ਤੋਂ 700 ਰੁਪਏ ਪ੍ਰਤੀ ਮਹੀਨਾ ਮੋਬਾਈਲ ਭੱਤਾ ਮਿਲਦਾ ਸੀ ਪਰ ਹੁਣ 250 ਰੁਪਏ, ਗਰੁਪ ਬੀ ਨੂੰ 175 ਰੁਪਏ, ਗਰੁਪ ਸੀ ਨੂੰ 150 ਰੁਪਏ ਅਤੇ ਗਰੁਪ ਡੀ ਨੂੰ 150 ਰੁਪਏ ਮਿਲਣਗੇ। ਡੈਮੋਕਰੇਟਿਕ ਮੁਲਾਜ਼ਮ ਫ਼ੈਡਰੇਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ ਤੇ ਜਨਰਲ ਸਕੱਤਰ ਜਰਮਨਜੀਤ ਸਿੰਘ, ਡੈਮੋਕਰੇਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਆਦਿ ਨੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਮੋਬਾਈਲ ਨੈਟ ਦੀ ਵਰਤੋਂ ਵਧ ਗਈ ਹੈ ਪਰ ਸਰਕਾਰ ਨੇ ਇਹ ਭੱਤੇ ਵਧਾਉਣ ਦੀ ਥਾਂ ਘਟਾ ਦਿਤੇ ਹਨ।