ਪੰਥਕ ਜਥੇਬੰਦੀਆਂ ਨੇ ਲਵਪ੍ਰੀਤ ਸਿੰਘ ਦੀ ਮੌਤ ਦੇ ਮਾਮਲੇ ਦੀ ਸਿਟਿੰਗ ਜੱਜ ਤੋਂ ਜਾਂਚ ਮੰਗੀ
ਮੁੱਖ ਮੰਤਰੀ ਦੇ ਨਾਮ ਦਿਤਾ ਯਾਦ ਪੱਤਰ
ਐਸ.ਏ.ਐਸ.ਨਗਰ, 27 ਜੁਲਾਈ (ਸੁਖਦੀਪ ਸਿੰਘ ਸੋਈ): ਪੰਜਾਬ ਅਤੇ ਹੋਰਨਾਂ ਸੂਬਿਆਂ ਦੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਇਥੇ ਫ਼ੇਜ਼ 8 ਦੇ ਗੁਰਦਵਾਰਾ ਸ੍ਰੀ ਅੰਬ ਸਾਹਿਬ ਵਿਖੇ ਇੱਕਠ ਕਰ ਕੇ ਮੰਗ ਕੀਤੀ ਕਿ ਐਨ.ਆਈ.ਏ. ਦੇ ਕਥਿਤ ਤਸ਼ੱਦਦ ਕਾਰਨ ਬੀਤੀ 13 ਜੁਲਾਈ ਨੂੰ ਲਵਪ੍ਰੀਤ ਸਿੰਘ ਦੀ ਮੌਤ ਦੇ ਮਾਮਲੇ ਅਤੇ ਯੂ.ਏ.ਪੀ.ਏ. ਵਰਗੇ ਜਾਬਰ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਦੀ ਸਿਟਿੰਗ ਜੱਜ ਤੋਂ ਜਾਂਚ ਕਰਵਾਈ ਜਾਵੇ। ਬਾਅਦ ਵਿਚ ਇਨ੍ਹਾਂ ਆਗੂਆਂ ਨੇ ਚੰਡੀਗੜ੍ਹ ਵਲ ਮਾਰਚ ਕੀਤਾ
ਜਿਥੇ ਇਨ੍ਹਾਂ ਨੂੰ ਵਾਈ.ਪੀ.ਐਸ. ਚੌਕ ’ਤੇ ਰੋਕ ਲਿਆ ਗਿਆ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ. ਜਗਦੀਪ ਸਿੰਘ ਸਿੱਧੂ ਨੇ ਮੌਕੇ ’ਤੇ ਪਹੁੰਚ ਕੇ ਪੰਥਕ ਨੁਮਾਇੰਦਿਆਂ ਤੋਂ ਮੁੱਖ ਮੰਤਰੀ ਦੇ ਨਾਮ ਯਾਦ ਪੱਤਰ ਹਾਸਲ ਕੀਤਾ। ਇਸ ਮੌਕੇ ਬਲਜੀਤ ਸਿੰਘ ਦਾਦੂਵਾਲ ਅਤੇ ਅਮਰੀਕ ਸਿੰਘ ਅਜਨਾਲਾ, ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਜਸਕਰਨ ਸਿੰਘ ਕਾਹਨ ਸਿੰਘਵਾਲਾ, ਇਕਬਾਲ ਸਿੰਘ ਟਿਵਾਣਾ, ਪ੍ਰੋਫ਼ੈਸਰ ਮਹਿੰਦਰਪਾਲ ਸਿੰਘ, ਦਮਦਮੀ ਟਕਸਾਲ ਤੋਂ ਬਾਬਾ ਅਮਰਜੀਤ ਸਿੰਘ, ਯੂਨਾਈਟਿਡ ਅਕਾਲੀ ਦਲ ਤੋਂ ਗੁਰਦੀਪ ਸਿੰਘ ਬਠਿੰਡਾ ਅਤੇ ਗੁਰਨਾਮ ਸਿੰਘ ਸਿੱਧੂ ਆਦਿ ਆਗੂਆਂ ਨੇ ਕਿਹਾ ਕਿ ਐਨ.ਆਈ.ਏ. ਨੇ ਲਵਪ੍ਰੀਤ ਸਿੰਘ ਨੂੰ ਮਾਨਸਕ ਤੌਰ ਤੇ ਪ੍ਰੇਸ਼ਾਨ ਅਤੇ ਸਰੀਰਕ ਤਸ਼ੱਦਦ ਕੀਤਾ ਗਿਆ ਸੀ।
ਇਸ ਮੌਕੇ ਲਵਪ੍ਰੀਤ ਸਿੰਘ ਦੇ ਪਿਤਾ ਕੇਵਲ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਬੇਟਾ ਕਦੇ ਵੀ ਕਿਸੇ ਗ਼ੈਰ-ਕਾਨੂੰਨੀ ਕਾਰਵਾਈ ਵਿਚ ਸ਼ਾਮਲ ਨਹੀਂ ਹੋਇਆ ਪਰ ਇਕ ਵਾਰ ਉਸ ਨੇ ਸਾਲ 2017 ਵਿਚ ਰੈਫ਼ਰੈਂਡਮ 2020 ਦੇ ਸਬੰਧ ਵਿਚ ਕੁੱਝ ਵਿਚਾਰ ਸਾਂਝੇ ਕੀਤੇ ਸਨ ਜੋ ਕਿ ਕਾਨੂੰਨੀ ਤੌਰ ’ਤੇ ਗੁਨਾਹ ਨਹੀਂ ਹੈ। ਪੰਥਕ ਆਗੂਆਂ ਨੇ ਮੰਗ ਕੀਤੀ ਕਿ ਲਵਪ੍ਰੀਤ ਸਿੰਘ ਦੀ ਮੌਤ ਦੀ ਜਾਂਚ ਹਾਈ ਕੋਰਟ ਦੇ ਕਿਸੇ ਸਿੰਟਿੰਗ ਜੱਜ ਤੋਂ ਕਰਵਾਈ ਜਾਵੇ ਅਤੇ ਉਸ ਦੇ ਪ੍ਰਵਾਰ ਨੂੰ ਇਨਸਾਫ਼ ਦਿਤਾ ਜਾਵੇ।