ਸਿੱਖ ਨੌਜਵਾਨਾਂ ਦੇ ਹੱਕ ’ਚ ਸੁਖਪਾਲ ਖਹਿਰਾ ਨੇ ਆਵਾਜ਼ ਬੁਲੰਦ ਕੀਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2019 ਵਿਚ ਪਾਰਲੀਮੈਂਟ ਵਿਚ ਯੂ.ਏ.ਪੀ.ਏ. ਕਾਨੂੰਨ ਘੜਿਆ ਜਾ ਰਿਹਾ ਸੀ ਤਾਂ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਸੀ, ਹੁਣ ਪੰਜਾਬ ਵਿਚ ਲਾਗੂ ਕਿਵੇਂ ਹੋ ਰਿਹੈ?

Sukhpal Khaira

ਚੰਡੀਗੜ੍ਹ, 27 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਨਵੇਂ ਅਤਿਵਾਦੀ ਵਿਰੋਧੀ ਐਕਟ ਜਿਸ ਤਹਿਤ ਨੌਜਵਾਨ ਮੁੰਡਿਆਂ ਨੂੰ ਜੇਲ ਦੀਆਂ ਕਾਲੀਆਂ ਦੀਵਾਰਾਂ ਪਿੱਛੇ ਸੁੱਟਿਆ ਜਾਂਦਾ ਹੈ, ਹੋ ਸਕਦਾ ਹੈ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂ ਕਿ ਕਈ ਆਵਾਜ਼ਾਂ ਵੀ ਦਬਾਉਣੀਆਂ ਹੁੰਦੀਆਂ ਹਨ। ਇਸ ’ਤੇ ਸੁਖਪਾਲ ਖਹਿਰਾ ਨੇ ਮੋਰਚਾ ਖੋਲਿ੍ਹਆ ਹੋਇਆ ਹੈ। ਜਿਹੜੇ ਨੌਜਵਾਨ ਮੁੰਡਿਆਂ ਨੂੰ ਇਸ ਐਕਟ ਤਹਿਤ ਚਾਰ ਦੀਵਾਰੀ ਵਿਚ ਕੈਦ ਕੀਤਾ ਗਿਆ ਹੈ ਉਨ੍ਹਾਂ ਦੇ ਹੱਕ ਵਿਚ ਸੁਖਪਾਲ ਖਹਿਰਾ ਨੇ ਅਪਣੀ ਆਵਾਜ਼ ਬੁਲੰਦ ਕੀਤੀ ਹੈ।

ਗੱਲਬਾਤ ਦੌਰਾਨ ਸੁਖਪਾਲ ਖਹਿਰਾ ਨੇ ਦਸਿਆ ਕਿ ਸਾਡੇ ਪੁਰਖੇ ਮੁਗਲਾਂ, ਅਬਦਾਲੀਆਂ ਦਾ ਵਿਰੋਧ ਕਰਦੇ ਸਨ ਕਿਉਂ ਕਿ ਉਹ ਜ਼ਾਲਮ ਸਨ। ਉਸ ਤੋਂ ਬਾਅਦ ਅੰਗਰੇਜ਼ਾਂ ਵਿਰੁਧ ਵੀ ਝੰਡਾ ਬੁਲੰਦ ਕੀਤਾ ਕਿਉਂ ਕਿ ਉਹ ਵੀ ਭਾਰਤੀ ਲੋਕਾਂ ਨਾਲ ਮਾੜਾ ਵਰਤਾਰਾ ਕਰਦੇ ਸਨ। ਸਾਡੀਆਂ ਬਣਾਈਆਂ ਸਰਕਾਰਾਂ ਜਮਹੂਰੀਅਤ ਦੀ ਆੜ ਵਿਚ ਉਨ੍ਹਾਂ ਨਾਲੋਂ ਘਟ ਜ਼ੁਲਮ ਨਹੀਂ ਕਰ ਰਹੀਆਂ। ਇਹ ਨਵਾਂ ਕਾਨੂੰਨ ਟਾਡਾ ਦੀ ਰਿਪਲੇਸਮੈਂਟ ਹੈ 

ਇਸ ਵਿਚ ਕਿਸੇ ਵੀ ਵਿਅਕਤੀ ਦੇ ਹਕੂਕ ਖੋਹੇ ਜਾਂਦੇ ਹਨ। ਹੁਣ ਯੂ.ਏ.ਪੀ.ਏ. ਵਿਚ ਇਹ ਵੀ ਜੋੜ ਦਿਤਾ ਗਿਆ ਹੈ ਕਿ ਸਰਕਾਰ ਨੂੰ ਅਧਿਕਾਰ ਹੈ ਕਿ ਉਹ ਕਿਸੇ ਵੀ ਵਿਅਕਤੀ ਨੂੰ ਅਤਿਵਾਦ ਐਲਾਨ ਕੇ ਉਸ ਦੀ ਸਾਰੀ ਜਾਇਦਾਦ ਕੁਰਕ ਕਰ ਸਕਦੀ ਹੈ। ਉਸ ਤੋਂ ਬਾਅਦ ਉਸ ਨੂੰ 6 ਮਹੀਨਿਆਂ ਲਈ ਜੇਲ ਵਿਚ ਰਖਿਆ ਜਾਂਦਾ ਹੈ ਤੇ ਚਲਾਨ ਪੇਸ਼ ਕਰਨ ਦੀ ਵੀ ਲੋੜ ਨਹੀਂ ਹੁੰਦੀ। ਇਸ ਤਰ੍ਹਾਂ ਦੇ ਕੇਸ ਵਿਚ ਜ਼ਮਾਨਤ ਹੋਣ ਨੂੰ ਵੀ ਕਈ ਸਾਲ ਲਗ ਜਾਂਦੇ ਹਨ।

ਪੁਲਿਸ ਵਲੋਂ ਜਿਹੜਾ ਪਰਚਾ ਦਰਜ ਕੀਤਾ ਜਾਂਦਾ ਹੈ ਉਹ ਅਪਣੇ ਖੂਫ਼ੀਆ ਸਰੋਤਾਂ ਦੇ ਆਧਾਰ ’ਤੇ ਦਰਜ ਹੁੰਦਾ ਹੈ ਉਸ ਨੂੰ ਕਿਸੇ ਵਲੋਂ ਸ਼ਿਕਾਇਤ ਦੀ ਲੋੜ ਨਹੀਂ ਹੁੰਦੀ। ਪੁਲਿਸ ਜਿਹੜੀ ਡਾਇਰੀ ਕਾਇਮ ਕਰਦੀ ਹੈ ਉਹ ਪੀੜਤ ਨੂੰ ਵੀ ਨਹੀਂ ਦਿਖਾਈ ਜਾਂਦੀ ਤੇ ਇਹ ਸਿਰਫ ਜੱਜ ਨੂੰ ਦਿਖਾਈ ਜਾਂਦੀ ਹੈ ਕਿ ਉਨ੍ਹਾਂ ਨੇ ਇਹਨਾਂ ਜ਼ੁਲਮਾਂ ਦੇ ਆਧਾਰ ’ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ 2019 ਵਿਚ ਪਾਰਲੀਮੈਂਟ ਵਿਚ ਯੂ.ਏ.ਪੀ.ਏ. ਦਾ ਕਾਨੂੰਨ ਘੜਿਆ ਜਾ ਰਿਹਾ ਸੀ ਤਾਂ ਉਸ ਸਮੇਂ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਸੀ।

ਉਨ੍ਹਾਂ ਕਿਹਾ ਸੀ ਕਿ ਇਸ ਨਾਲ ਮਨੁੱਖੀ ਅਧਿਕਾਰਾਂ ਦਾ ਉਲੰਘਣ ਵਾਲੀ ਗੱਲ ਹੈ ਇਸ ਲਈ ਇਹ ਨਹੀਂ ਬਣਨਾ ਚਾਹੀਦਾ। ਕਾਂਗਰਸ ਵੱਲੋਂ ਯੂ.ਏ.ਪੀ.ਏ. ਦਾ ਵਿਰੋਧ ਕੀਤਾ ਜਾਂਦਾ ਹੈ ਪਰ ਪੰਜਾਬ ਵਿਚ ਕੈਪਟਨ ਸਰਕਾਰ ਇਸ ਨੂੰ ਵੱਡਾ ਹੁਲਾਰਾ ਦੇ ਰਹੀ ਹੈ। ਪਿਛਲੇ ਦਿਨਾਂ ਵਿਚ ਹੁਣ ਤਕ 16 ਐਫਆਈਆਰ ਯੂ.ਏ.ਪੀ.ਏ. ਤਹਿਤ ਦਰਜ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਵਿਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

ਸੁਖਪਾਲ ਖਹਿਰਾ ਦੇ ਦੋਸਤ ਜੋਗਿੰਦਰ ਸਿੰਘ ਗੁੱਜਰ ਜੋ ਕਿ ਇਟਲੀ ਵਿਚ ਰਹਿੰਦੇ ਹਨ ਜੋ ਕਿ ਪੜ੍ਹੇ ਲਿਖੇ ਵੀ ਨਹੀਂ ਹਨ, ਉਹਨਾਂ ਨੂੰ ਦਿਲ ਦੀ ਬੀਮਾਰੀ ਹੈ। ਉਸ ਨੇ ਅੱਜ ਤਕ ਕੋਈ ਜ਼ੁਲਮ ਵੀ ਨਹੀਂ ਕੀਤਾ ਤੇ ਉਨ੍ਹਾਂ ਦਾ ਪਰਵਾਰ ਸੁਖਪਾਲ ਖਹਿਰਾ ਕੋਲ ਆਇਆ ਸੀ ਕਿ ਉਨ੍ਹਾਂ ਦਾ ਖ਼ਾਲਿਸਤਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਜੋਗਿੰਦਰ ਸਿੰਘ ਦੇ ਪਿੰਡ ਪਹੁੰਚ ਕੀਤੀ ਤੇ ਪਿੰਡ ਦੇ ਸਰਪੰਚ, ਪੰਚ ਤੇ ਹੋਰਨਾਂ ਮੈਂਬਰਾਂ ਨੇ ਉਨ੍ਹਾਂ ਦੀ ਗਵਾਹੀ ਦਿਤੀ।

ਉਨ੍ਹਾਂ ਨੂੰ ਇਸ ਆਧਾਰ ’ਤੇ ਫੜਿਆ ਗਿਆ ਕਿ ਉਨ੍ਹਾਂ ਨੇ ਇਟਲੀ ਦੇ ਗੁਰਦਵਾਰੇ ਵਿਚ ਐਸਐਫਜੇ ਦੇ ਮਿਸਟਰ ਅਵਤਾਰ ਸਿੰਘ ਪੰਨੂੰ ਨੂੰ ਇਕ ਸਰੋਪਾ ਦਿਤਾ ਹੈ। 2019 ਵਿਚ ਸਿਖਸ ਫ਼ਾਰ ਜਸਟਿਸ ਨੇ ਜਨੇਵਾ ਵਿਚ ਇਕ ਕਨਵੈਨਸ਼ਨ ਕੀਤੀ ਸੀ ਜਿਥੇ 2500 ਵਿਅਕਤੀ ਸ਼ਾਮਲ ਸਨ ਉਸ ਵਿਚ ਉਨ੍ਹਾਂ ਦੀ ਸ਼ਮੂਲੀਅਤ ਦਿਖਾਈ ਗਈ। ਇਕ ਉਨ੍ਹਾਂ ’ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ 200 ਯੁਰੋ ਟਰਾਂਸਫ਼ਰ ਕੀਤਾ ਹੈ।

ਉਨ੍ਹਾਂ ’ਤੇ ਦੇਸ਼ ਨੂੰ ਤੋੜਨ ਦੇ ਇਲਜ਼ਾਮ ਲਗਾਏ ਗਏ, ਕੀ 200 ਯੁਰੋ ਨਾਲ ਭਾਰਤ ਟੁੱਟ ਜਾਵੇਗਾ? ਇਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਖੋਜ ਕਰਨ ’ਤੇ ਇਕ 144 ਨੰਬਰ ਐਫਆਈਆਰ ਮਿਲੀ ਜਿਸ ਦੀ ਕਾਪੀ ਵੀ ਉਨ੍ਹਾਂ ਕੋਲ ਹੈ ਇਹ ਕਾਪੀ ਥਾਣਾ ਸਦਰ ਸਮਾਣਾ ਜ਼ਿਲ੍ਹਾ ਪਟਿਆਲਾ ਵਿਚ ਦਰਜ ਹੋਈ ਸੀ। ਉਨ੍ਹਾਂ ਨੇ ਜਦੋਂ ਇਕ ਅੰਗਰੇਜ਼ੀ ਅਖ਼ਬਾਰ ਪੜ੍ਹੀ ਸੀ ਤਾਂ ਉਸ ਵਿਚ ਇਕ ਸੁਖਚੈਨ ਸਿੰਘ ਜੋ ਕਿ ਦਲਿਤ ਤੇ ਗ਼ਰੀਬ ਪਰਵਾਰ ਨਾਲ ਸਬੰਧਤ ਹੈ ਉਸ ਤੇ ਸਰਪੰਚ ਹਾਕਮ ਸਿੰਘ ਸਿਹਰਾ ਪਿੰਡ ਨੇ ਕਿਹਾ ਸੀ ਕਿ 26 ਜੂਨ ਸੁਖਚੈਨ ਸਿੰਘ ਨੂੰ ਉਨ੍ਹਾਂ ਦੀ ਹਾਜ਼ਰੀ ਵਿਚ ਪੁਲਿਸ ਲੈ ਕੇ ਗਈ ਸੀ।

ਪਰ 28 ਜੂਨ ਨੂੰ ਖ਼ਬਰ ਆਉਂਦੀ ਹੈ ਕਿ ਸੁਖਚੈਨ ਸਿੰਘ ਨੂੰ ਗਾਜੇਵਾਸ ਪਿੰਡ ਭੁਆਨੀਪੁਰ ਸਮਾਣਾ ਰੋਡ ਤੇ ਪੁਲਿਸ ਨਾਕੇ ਤੋਂ ਫੜਿਆ ਹੈ, ਉਸ ਕੋਲੋਂ ਇਕ ਪਿਸਤੌਲ ਮਿਲਿਆ ਹੈ, ਸੱਤ ਕਾਰਤੂਸ ਮਿਲੇ ਜੋ ਕਿ ਬਿਲਕੁੱਲ ਹੀ ਝੂਠੀ ਕਹਾਣੀ ਬਣਾ ਕੇ ਪੇਸ਼ ਕੀਤੀ ਗਈ। ਸੁਖਪਾਲ ਖਹਿਰਾ ਤੇ ਉਨ੍ਹਾਂ ਨਾਲ ਹੋਰ ਐਮਐਲਏ ਸੁਖਚੈਨ ਸਿੰਘ ਦੇ ਘਰ ਗਏ ਸਨ ਤੇ ਉਨ੍ਹਾਂ ਨੇ ਸੁਖਚੈਨ ਦੇ ਘਰ ਦੀ ਹਾਲਤ ਦੇਖੀ।

ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਪਰਵਾਰ ਬਹੁਤ ਹੀ ਗ਼ਰੀਬ ਹਾਲਤ ਵਿਚ ਰਰਿ ਰਹੇ ਹਨ। ਸਰਕਾਰ ਨੇ ਬਹੁਤ ਸਾਰੇ ਗ਼ਰੀਬ ਲੋਕਾਂ ਨੂੰ ਇਸ ਦੀ ਚਪੇਟ ਵਿਚ ਲਿਆ ਹੈ ਜੋ ਕਿ ਬਹੁਤ ਹੀ ਧੱਕਾ ਕਰਨ ਵਾਲੀ ਗੱਲ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਆਪ ਇਨ੍ਹਾਂ ਨੂੰ ਅਤਿਵਾਦੀ ਬਣਨ ਦਾ ਰਾਹ ਦਿਖਾ ਰਹੀ ਹੈ। ਉਨ੍ਹਾਂ ਨੇ ਵਿਧਾਨ ਸਭਾ ਦੀ ਕਮੇਟੀ ਮੀਟਿੰਗ ਵਿਚ ਚੇਅਰਮੈਨ ਨੂੰ ਕਿਹਾ ਕਿ ਉਹ ਯੂ.ਏ.ਪੀ.ਏ. ਦਾ ਮਸਲਾ ਰਿਕਾਰਡ ਕਰਵਾਉਣਾ ਚਾਹੁੰਦੇ ਹਨ।

ਇਸ ਸਮੇਂ ਅਡੀਸ਼ਨਲ ਚੀਫ਼ ਸੈਕਟਰੀ ਹੋਮ ਸਤੀਸ਼ ਚੰਦਰਾ ਤੇ ਉਨ੍ਹਾਂ ਦੀ ਪੂਰੀ ਟੀਮ ਵੀ ਮੌਜੂਦ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਰਾ ਡਾਟਾ ਪੰਜਾਬ ਪੁਲਿਸ ਨੂੰ ਦੇ ਕੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਾਰੀਆਂ ਐਫਆਈਆਰਜ਼ ਦੀ ਪੂਰੀ ਤਰ੍ਹਾਂ ਘੋਖ ਕੀਤੀ ਜਾਵੇ। ਉਨ੍ਹਾਂ ਵਲੋਂ ਚੀਫ਼ ਮਿਨਿਸਟਰ ਨੂੰ ਚਿੱਠੀ ਵੀ ਲਿਖੀ ਜਾ ਚੁੱਕੀ ਹੈ। ਉਨ੍ਹਾਂ ਨੇ ਇਹੀ ਮੰਗ ਕੀਤੀ ਹੈ ਕਿ ਉਹ ਪੰਜਾਬ ਵਿਚ ਅਜਿਹੇ ਕਾਨੂੰਨ ਲਾਗੂ ਨਹੀਂ ਹੋਣੇ ਚਾਹੀਦੇ ਜਿਨ੍ਹਾਂ ਨਾਲ ਪੰਜਾਬ ਦੇ ਨੌਜਵਾਨਾਂ ਤੇ ਕਹਿਰ ਢਾਹਿਆ ਜਾਂਦਾ ਹੈ।