ਚੰਡੀਗੜ੍ਹ, 27 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਬੀਤੇ 24 ਘੰਟਿਆਂ ਵਿਚ 12 ਹੋਰ ਮੌਤਾਂ ਹੋਈਆਂ ਹਨ ਅਤੇ 560 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਹੁਣ ਮੌਤਾਂ ਦੀ ਕੁਲ ਗਿਣਤੀ ਜਿਥੇ 321 ਤਕ ਪਹੁੰਚ ਗਈ ਹੈ। ਉਥੇ ਪਾਜ਼ੇਟਿਵ ਕੇਸਾਂ ਦਾ ਕੁਲ ਅੰਕੜਾ ਵੀ 13775 ਤਕ ਪਹੁੰਚ ਗਿਆ ਹੈ। 9064 ਮਰੀਜ਼ ਹੁਣ ਤਕ ਠੀਕ ਹੋਏ ਹਨ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 4387 ਹੋ ਗਈ ਹੈ।
ਇਨ੍ਹਾਂ ਵਿਚ ਗੰਭੀਰ ਮਰੀਜ਼ਾਂ ਦੀ ਗਿਣਤੀ ਵੀ ਹਰ ਰੋਜ਼ ਵਧਣ ਲੱਗੀ ਹੈ। ਇਸ ਸਮੇਂ 127 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਇਨ੍ਹਾਂ ਵਿਚੋਂ 113 ਆਕਸੀਜਨ ਅਤੇ 14 ਵੈਂਟੀਲੇਟਰ ਉਪਰ ਹਨ। ਲੁਧਿਆਣਾ ਵਿਚ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਹਰ ਰੋਜ਼ ਤੇਜ਼ੀ ਨਾਲ ਵੱਧ ਰਿਹਾ ਹੈ। ਅੱਜ ਵੀ 176 ਰੀਕਾਰਡ ਕੇਸ ਇਕ ਦਿਨ ਵਿਚ ਦਰਜ ਕੀਤੇ ਗਏ ਹਨ।
ਜਲੰਧਰ ਵਿਚ 54, ਅੰਮ੍ਰਿਤਸਰ ਵਿਚ 46 ਤੇ ਪਟਿਆਲਾ ਵਿਚ ਵੀ 40 ਹੋਰ ਪਾਜ਼ੇਟਿਵ ਕੇਸ ਆਏ ਹਨ। ਗੁਰਦਾਸਪੁਰ ਵਿਚ ਵੀ 53 ਕੇਸ ਇਕ ਦਿਨ ਵਿਚ ਆਉਣ ਨਾਲ ਮੁੜ ਕੋਰੋਨਾ ਧਮਾਕਾ ਹੋਇਆ ਹੈ। ਮੌਤਾਂ ਦੇ ਮਾਮਲੇ ਵਿਚ ਵੀ ਜ਼ਿਲ੍ਹਾ ਲੁਧਿਆਣਾ ਦਾ ਅੰਕੜਾ ਤੇਜ਼ੀ ਨਾਲ ਵਧਣ ਲੱਗਾ ਹੈ। ਇਥੇ ਅੱਜ 5 ਮੌਤਾਂ ਹੋਈਆਂ ਜਦਕਿ ਬੀਤੇ ਦਿਨ ਵੀ 5 ਮੌਤਾਂ ਹੀ ਹੋਈਆਂ ਸਨ। ਸੱਭ ਤੋਂ ਵੱਧ ਮੌਤਾਂ ਜ਼ਿਲ੍ਹਾ ਅੰਮ੍ਰਿਤਸਰ ਵਿਚ 69 ਹੋਈਆਂ ਅਤੇ ਹੁਣ ਲੁਧਿਆਣਾ ਵਿਚ ਵੀ ਮੌਤਾਂ ਦੀ ਗਿਣਤੀ 64 ਤਕ ਪਹੁੰਚ ਚੁਕੀ ਹੈ।