ਲਵਪ੍ਰੀਤ ਨੂੰ ਇਨਸਾਫ ਦਿਵਾਉਣ ਲਈ ਮੀਂਹ 'ਚ ਡਟੇ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਅੰਤ ਕੌਰ ਦੇ ਪਰਿਵਾਰ ਖਿਲਾਫ਼ ਕਰ ਰਹੇ ਮਾਮਲਾ ਦਰਜ ਕਰਨ ਦੀ ਮੰਗ

Family members and villagers in the rain to bring justice to Lovepreet

ਬਰਨਾਲਾ ( ਲਖਵੀਰ ਚੀਮਾ) ਪਿਛਲੇ ਇਕ ਮਹੀਨੇ ਤੋਂ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਕੋਠੇ ਗੋਬਿੰਦਪੁਰਾ ਨਾਲ ਸਬੰਧਤ ਲਵਪ੍ਰੀਤ ਸਿੰਘ ਦੀ ਮੌਤ ਦਾ ਮਾਮਲਾ ਪੰਜਾਬ ਸਮੇਤ ਦੇਸ਼ ਵਿਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਲਵਪ੍ਰੀਤ ਦੀ ਮੌਤ ਲਈ ਪਰਿਵਾਰ ਵੱਲੋਂ ਉਸ ਦੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ।

ਜਿਸ ਨੂੰ ਲੈ ਕੇ ਅੱਜ ਭਾਵੇਂ ਧਨੌਲਾ ਥਾਣੇ ਦੀ ਪੁਲਿਸ ਵੱਲੋਂ ਲਵਪ੍ਰੀਤ ਦੀ ਪਤਨੀ ਵਿਰੁੱਧ 420 ਧਾਰਾ ਤਹਿਤ ਪਰਚਾ ਦਰਜ ਕਰ ਲਿਆ ਹੈ ਪ੍ਰੰਤੂ ਪਰਿਵਾਰ ਪੁਲਿਸ ਦੀ ਇਸ ਕਾਰਵਾਈ ਤੋਂ ਖੁਸ਼ ਦਿਖਾਈ ਨਹੀਂ ਦੇ ਰਿਹਾ । ਜਿਸ ਕਰਕੇ ਇਨਸਾਫ ਲੈਣ ਲਈ ਅੱਜ ਲਵਪ੍ਰੀਤ ਦੇ ਪਰਿਵਾਰ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਮਿਲ ਕੇ ਬਰਨਾਲਾ ਚੰਡੀਗੜ੍ਹ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ । ਵਰਦੇ ਮੀਂਹ ਵਿੱਚ ਧਰਨਾਕਾਰੀਆਂ ਵੱਲੋਂ ਲਵਪ੍ਰੀਤ ਦੀ ਪਤਨੀ ਅਤੇ ਉਸ ਦੇ ਸਹੁਰਾ ਪਰਿਵਾਰ ਵਿਰੁੱਧ ਲਵਪ੍ਰੀਤ ਨੂੰ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਠਹਿਰਾਉਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ

ਇਸ ਮੌਕੇ ਗੱਲਬਾਤ ਕਰਦਿਆਂ ਲਵਪ੍ਰੀਤ ਦੇ ਚਾਚਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੂਰੇ ਇੱਕ ਮਹੀਨੇ ਤੋਂ ਉਹ ਆਪਣੇ ਲਵਪ੍ਰੀਤ ਦੀ ਮੌਤ ਦਾ ਇਨਸਾਫ ਲੈਣ ਲਈ ਦਰ ਦਰ ਭਟਕ ਰਹੇ ਹਨ। ਉਹ ਪਿਛਲੇ ਇੱਕ ਮਹੀਨੇ ਤੋਂ ਬਰਨਾਲਾ ਪੁਲਿਸ ਦੇ ਵੱਖ ਵੱਖ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪ੍ਰੰਤੂ ਉਨ੍ਹਾਂ ਨੂੰ ਕਾਰਵਾਈ ਦੇ ਭਰੋਸੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਮਿਲਿਆ । ਬੀਤੀ ਰਾਤ ਉਨ੍ਹਾਂ ਨੂੰ ਫੋਨ ਤੇ ਸੁਨੇਹਾ ਮਿਲਿਆ ਕਿ ਲਵਪ੍ਰੀਤ ਦੀ ਮੌਤ ਸਬੰਧੀ ਉਸ ਦੀ ਪਤਨੀ ਬੇਅੰਤ ਕੌਰ ਵਿਰੁੱਧ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਹੈ ।

ਪ੍ਰੰਤੂ ਉਨ੍ਹਾਂ ਨੂੰ ਹੈਰਾਨੀ ਹੋਈ ਕਿ ਪੁਲਿਸ ਵੱਲੋਂ ਸਿਰਫ਼ ਉਸ ਦੀ ਪਤਨੀ ਵਿਰੁੱਧ 420 ਧਾਰਾ ਤਹਿਤ ਹੀ ਪਰਚਾ ਦਰਜ ਕੀਤਾ ਗਿਆ ਹੈ । ਜਦ ਕਿ ਲਵਪ੍ਰੀਤ ਦੀ ਪਤਨੀ ਉਸ ਦੀ ਮੌਤ ਲਈ ਜ਼ਿੰਮੇਵਾਰ ਹੈ । ਜਿਸ ਕਰਕੇ ਉਹ ਪਰਿਵਾਰ ਵੱਲੋਂ ਲਗਾਤਾਰ ਲਵਪ੍ਰੀਤ ਦੀ ਪਤਨੀ , ਉਸ ਦੀ ਮਾਂ ਅਤੇ ਪੂਰੇ ਸਹੁਰਾ ਪਰਿਵਾਰ ਵਿਰੁੱਧ ਲਵਪ੍ਰੀਤ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਤਹਿਤ 306 ਅਧੀਨ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ । ਜਿਸ ਕਰਕੇ ਅੱਜ ਨਾਰਾਜ਼ ਹੋ ਕੇ ਲਵਪ੍ਰੀਤ ਦੇ ਪਰਿਵਾਰ , ਉਸ ਦੇ ਚਾਹੁਣ ਵਾਲੇ ਅਤੇ ਵੱਖ ਵੱਖ ਜਥੇਬੰਦੀਆਂ ਦੇ ਲੋਕਾਂ ਨੂੰ ਮਿਲ ਕੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ ।

ਉਨ੍ਹਾਂ ਕਿਹਾ ਕਿ ਜੇਕਰ ਅੱਜ ਲਵਪ੍ਰੀਤ ਨੂੰ ਇਨਸਾਫ ਨਹੀਂ ਮਿਲਦਾ ਤਾਂ ਲਵਪ੍ਰੀਤ ਵਾਂਗ ਪੰਜਾਬ ਭਰ ਵਿਚ ਠੱਗੀ ਦਾ ਸ਼ਿਕਾਰ ਹੋਏ ਹਜ਼ਾਰਾਂ ਨੌਜਵਾਨਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫਿਰ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ, ਉਹ ਉਹਨਾਂ ਸਮਾਂ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਚੰਡੀਗੜ ਤੋਂ ਪਹੁੰਚੇ ਵਕੀਲ ਸੁਨੀਲ ਮੱਲਣ ਨੇ ਕਿਹਾ ਕਿ  ਪੁਲਿਸ ਨੇ ਇਕ ਦਰਜ ਕੀਤਾ ਹੈ, ਉਹ ਪਰਿਵਾਰ ਨਾਲ ਨਾਇਨਸਾਫੀ ਹੈ।

ਪਰਿਵਾਰ ਅਤੇ ਲੋਕਾਂ ਵੱਲੋਂ ਕੈਂਡਲ ਮਾਰਚ ਕਰਕੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਪੁਲਿਸ ਨੇ ਪਰਚਾ ਦਰਜ ਕੀਤਾ। ਪੁਲਿਸ ਨੇ ਸਿਰਫ ਇਸ ਮਾਮਲੇ ਵਿਚ 420 ਦਾ ਪਰਚਾ ਦਰਜ ਕੀਤਾ ਹੈ। ਜਦਕਿ ਇਸ ਮਾਮਲੇ ਵਿਚ ਸਬੂਤਾਂ ਦੇ ਆਧਾਰ ਤੇ ਹੋਰ ਕਈ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਣਾ ਸੀ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦਿੰਦੇ ਰਹਿਣਗੇ।

ਉਹਨਾਂ ਕਿਹਾ ਲਵਪ੍ਰੀਤ ਨੂੰ ਮੌਤ ਲਈ ਉਸਦੀ ਪਤਨੀ ਵੱਲੋਂ ਮੈਸੇਜਾਂ ਵਿੱਚ ਉਕਸਾਇਆ ਗਿਆ ਹੈ, ਜਿਸਤੋਂ ਬਾਅਦ ਉਸਨੇ ਖੁਦਕੁਸ਼ੀ ਕੀਤੀ ਹੈ। ਇਸਦੇ ਬਾਕਾਇਦਾ ਸਬੂਤ ਮੌਜੂਦ ਹਨ। ਪਰ ਪੁਲਿਸ ਨੇ ਇਸ ਮਾਮਲੇ ਵਿਚ ਸਿਰਫ 420 ਦਾ ਪਰਚਾ ਦਰਜ ਕਰਕੇ ਪੱਲਾ ਝਾੜ ਲਿਆ। ਜਦਕਿ ਇਸ ਮਾਮਲੇ ਵਿੱਚ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਵਿੱਚ 306 ਧਾਰਾ ਤਹਿਤ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਸੀ।

 

ਉਧਰ ਇਸ ਸਬੰਧੀ ਥਾਣਾ ਧਨੌਲਾ ਦੇ ਐਸਐਚਓ ਹਰਸਿਮਰਨ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਦੀ ਮੌਤ ਮਾਮਲੇ ਵਿਚ ਉਹਦੀ ਪਤਨੀ ਬੇਅੰਤ ਕੌਰ ਵਿਰੁੱਧ 420 ਧਾਰਾ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਹ ਪਰਚਾ ਲਵਪ੍ਰੀਤ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਪਹਿਲਾਂ 174 ਦੀ ਕਾਰਵਾਈ ਕੀਤੀ ਗਈ ਸੀ।

ਜਿਸਤੋਂ ਬਾਅਦ ਹੁਣ ਕਾਨੂੰਨੀ ਰਾਇ ਲੈ ਕੇ ਇਸ ਮਾਮਲੇ ਵਿਚ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਲਵਪ੍ਰੀਤ ਦੀ ਪਤਨੀ ਨੇ ਲਵਪ੍ਰੀਤ ਦੇ ਪਰਿਵਾਰ ਦਾ ਲੱਖਾਂ ਰੁਪਏ ਲਗਵਾ ਕੇ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿ ਲਵਪ੍ਰੀਤ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅੱਜ ਪਰਿਵਾਰ ਵਲੋਂ ਰੋਡ ਤੇ ਧਰਨਾ 306 ਧਾਰਾ ਲਵਾਉਣ ਲਈ ਲਗਾਇਆ ਗਿਆ ਹੈ, ਜਦਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ।