ਭਾਜਪਾ ਦੇ ਸਾਬਕਾ ਸੂਬਾ ਸਕੱਤਰ ਕਸ਼ਮੀਰੀ ਲਾਲ ਅਕਾਲੀ ਦਲ ਵਿਚ ਹੋਏ ਸ਼ਾਮਲ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਦੇ ਸਾਬਕਾ ਸੂਬਾ ਸਕੱਤਰ ਕਸ਼ਮੀਰੀ ਲਾਲ ਅਕਾਲੀ ਦਲ ਵਿਚ ਹੋਏ ਸ਼ਾਮਲ

image

ਮੁਕੇਰੀਆਂ, 27 ਜੁਲਾਈ (ਗੁਰਵਿੰਦਰ ਸਿੰਘ ਸਾਬੀ) : ਵਿਧਾਨ ਸਭਾ ਹਲਕਾ ਮੁਕੇਰੀਆਂ ਵਿਚ ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਸ ਪਾਰਟੀ ਦੇ ਸਾਬਕਾ ਸੂਬਾ ਸਕੱਤਰ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਇੰਚਾਰਜ ਰਹੇ ਪਿ੍ਰੰਸੀਪਲ ਕਸ਼ਮੀਰੀ ਲਾਲ ਵਾਸੀ ਧਰਮਪੁਰ ਵਲੋਂ ਭਾਜਪਾ ਨੂੰ ਅਲਵਿਦਾ ਕਹਿੰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ ਜਿਨਾਂ ਦਾ ਸੁਖਬੀਰ ਬਾਦਲ ਤੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ. ਸਰਬਜੋਤ ਸਿੰਘ ਸਾਬੀ ਵਲੋਂ ਪਾਰਟੀ ਵਿਚ ਸਵਾਗਤ ਕੀਤਾ ਗਿਆ। 
ਇਸ ਸਮੇਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਟੁੱਟ ਚੁੱਕੀ ਹੈ ਕਿਉਂਕਿ ਇਸ ਪਾਰਟੀ ਦੀ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਪਾਸ ਕਰ ਕੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਤੇ ਇਹੀ ਕਾਰਨ ਹੈ ਕਿ ਪੰਜਾਬ ਨਾਲ ਦਰਦ ਰੱਖਣ ਵਾਲੇ ਆਗੂ ਤੇ ਵਰਕਰ ਭਾਜਪਾ ਨੂੰ ਅਲਵਿਦਾ ਕਹਿ ਰਹੇ ਹਨ।  ਕਸ਼ਮੀਰੀ ਲਾਲ ਵਰਗੇ ਮੇਹਨਤੀ ਆਗੂਆਂ ਦੀ ਹਰ ਪਾਰਟੀ ਵਿਚ ਵੱਡੀ ਲੋੜ ਹੁੰਦੀ ਹੈ ਲੇਕਿਨ ਭਾਜਪਾ ਦੀ ਹਾਈਕਮਾਂਡ ਸੱਤਾ ਦੇ ਨਸ਼ੇ ਵਿਚ ਚੂਰ ਹੈ ਤੇ ਅਪਣੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੀਆਂ ਚੰਗੀਆਂ ਸਲਾਹਾਂ ਨੂੰ ਵੀ ਦਰਕਿਨਾਰ ਕਰ ਰਹੀ ਹੈ। 
ਇਸ ਸਮੇਂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਪਿ੍ਰੰਸੀਪਲ ਕਸ਼ਮੀਰੀ ਲਾਲ ਦੀ ਅਕਾਲੀ ਦਲ ਵਿਚ ਹੋਈ ਆਮਦ ਨਾਲ ਵਿਧਾਨ ਸਭਾ ਹਲਕਾ ਮੁਕੇਰੀਆਂ ਵਿਚ ਤਾਂ ਭਾਜਪਾ ਦਾ ਭੋਗ ਪੈ ਗਿਆ ਹੈ ਤੇ ਆਉਂਦੇ ਸਮੇਂ ਵਿਚ ਇਨ੍ਹਾਂ ਦੀਆਂ ਉਸਾਰੂ ਸਲਾਹਾਂ ਤੋਂ ਸੇਧ ਲੈ ਕੇ ਅੱਗੇ ਵਧਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਹੋਣ ਵਿਚ ਹਾਲੇ ਕੁੱਝ ਮਹੀਨੇ ਬਾਕੀ ਹਨ ਤੇ ਅਕਾਲੀ ਦਲ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਜਿਸ ਦਾ ਸਿੱਧਾ ਕਾਰਨ ਇਹ ਹੈ ਕਿ ਪੰਜਾਬ ਦੇ ਲੋਕ ਇਹ ਗੱਲ ਜਾਣ ਚੁੱਕੇ ਹਨ ਕਿ ਸੂਬੇ ਦਾ ਭਲਾ ਅਕਾਲੀ ਦਲ ਵਲੋਂ ਹੀ ਕੀਤਾ ਜਾ ਸਕਦਾ ਹੈ। ਇਸ ਸਮੇਂ ਪਿ੍ਰੰਸੀਪਲ ਕਸ਼ਮੀਰੀ ਲਾਲ ਨੇ ਕਿਹਾ ਕਿ ਭਾਜਪਾ ਅਪਣੇ ਮਕਸਦ ਤੋਂ ਭਟਕ ਚੁੱਕੀ ਹੈ ਤੇ ਦੇਸ਼ ਦੇ ਕੁੱਝ ਕੁ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਕਿਸਾਨ ਤੇ ਕਿਸਾਨੀ ਨੂੰ ਖ਼ਤਮ ਕਰਨ ਦੀ ਸਾਜਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅੰਦਰ ਉਨ੍ਹਾਂ ਵਰਕਰਾਂ ਤੇ ਆਗੂਆਂ ਦੀ ਬਿਲਕੁਲ ਵੀ ਕਦਰ ਨਹੀਂ ਹੈ ਜੋ ਜ਼ਮੀਨ ਨਾਲ ਜੁੜੇ ਹੋਏ ਹਨ ਤੇ ਪਾਰਟੀ ਪਲੇਟਫ਼ਾਰਮ ’ਤੇ ਸੱਚ ਬੋਲਣ ਦੀ ਹਿੰਮਤ ਰਖਦੇ ਹਨ।