ਦੋ ਸਾਲਾਂ 'ਚ ਪੰਜਾਬ ਵਿਚ ਹਿਰਾਸਤੀ ਮੌਤਾਂ ਦੇ 225 ਮਾਮਲੇ ਦਰਜ
ਦੋ ਸਾਲਾਂ 'ਚ ਪੰਜਾਬ ਵਿਚ ਹਿਰਾਸਤੀ ਮੌਤਾਂ ਦੇ 225 ਮਾਮਲੇ ਦਰਜ
ਚੰਡੀਗੜ੍ਹ, 27 ਜੁਲਾਈ (ਸੱਤੀ): ਪੰਜਾਬ ਵਿਚ ਪਿਛਲੇ ਦੋ ਸਾਲਾਂ ਵਿਚ 225 ਹਿਰਾਸਤੀ ਮੌਤਾਂ ਦੇ ਮਾਮਲੇ ਦਰਜ ਕੀਤੇ ਗਏ ਹਨ | ਇਨ੍ਹਾਂ ਮੌਤਾਂ ਵਿਚ ਪੁਲਿਸ ਹਿਰਾਸਤ ਦੇ ਨਾਲ-ਨਾਲ ਨਿਆਇਕ ਹਿਰਾਸਤ ਵਿਚ ਹੋਈਆਂ ਮੌਤਾਂ ਵੀ ਸ਼ਾਮਲ ਹਨ | ਸਾਲ 2020-21 ਵਿਚ 72 ਹਿਰਾਸਤੀ ਮੌਤਾਂ ਦਰਜ ਕੀਤੀਆਂ ਗਈਆਂ ਸਨ, 2021-22 ਵਿਚ ਇਹ ਗਿਣਤੀ ਵਧ ਕੇ 153 ਹੋ ਗਈ | ਇਸ ਤੋਂ ਇਲਾਵਾ 2020-21 ਵਿਚ ਇਕ ਅਤੇ 2021-22 ਵਿਚ ਦੋ ਕੇਸ ਪੁਲਿਸ ਮੁਕਾਬਲਿਆਂ ਵਿਚ ਮੌਤ ਨਾਲ ਸਬੰਧਤ ਦਰਜ ਕੀਤੇ ਗਏ ਸਨ | ਇਹ ਵੇਰਵੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿਚ ਹਿਰਾਸਤੀ ਮੌਤਾਂ ਅਤੇ ਫ਼ਰਜ਼ੀ ਮੁਕਾਬਲਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸਾਂਝੇ ਕੀਤੇ |
ਪੰਜਾਬ ਤੋਂ ਬਾਅਦ ਹਰਿਆਣਾ ਦਾ ਨੰਬਰ ਆਉਂਦਾ ਹੈ, ਜਿਥੇ ਪਿਛਲੇ ਦੋ ਸਾਲਾਂ ਵਿਚ 158 ਹਿਰਾਸਤੀ ਮੌਤਾਂ ਦਰਜ ਕੀਤੀਆਂ | ਜੰਮੂ ਅਤੇ ਕਸ਼ਮੀਰ ਵਿਚ ਇਨ੍ਹਾਂ ਦੋ ਸਾਲਾਂ ਵਿਚ 26 ਹਿਰਾਸਤੀ ਮੌਤਾਂ, ਹਿਮਾਚਲ ਪ੍ਰਦੇਸ਼ ਵਿਚ ਕੁਲ 15 ਅਤੇ ਚੰਡੀਗੜ੍ਹ ਵਿਚ ਤਿੰਨ ਮਾਮਲੇ ਸਾਹਮਣੇ ਆਏ | ਇਨ੍ਹਾਂ ਦੋ ਸਾਲਾਂ ਵਿਚ ਉੱਤਰ ਪ੍ਰਦੇਸ਼ ਵਿਚ ਦੇਸ਼ ਵਿਚ ਸੱਭ ਤੋਂ ਵੱਧ 952 ਹਿਰਾਸਤੀ ਮੌਤਾਂ ਦਰਜ ਕੀਤੀਆਂ ਗਈਆਂ, ਇਸ ਤੋਂ ਬਾਅਦ ਪਛਮੀ ਬੰਗਾਲ ਵਿਚ 442 ਅਤੇ ਬਿਹਾਰ ਵਿਚ 396 ਹਿਰਾਸਤੀ ਮੌਤਾਂ ਹੋਈਆਂ | ਛੱਤੀਸਗੜ੍ਹ ਪਿਛਲੇ ਦੋ ਸਾਲਾਂ ਵਿਚ 54 ਪੁਲਿਸ ਮੁਕਾਬਲਿਆਂ ਦੇ ਕੇਸਾਂ ਨਾਲ ਚਾਰਟ ਵਿਚ
ਸਿਖਰ 'ਤੇ ਹੈ, ਇਸ ਤੋਂ ਬਾਅਦ ਜੰਮੂ ਅਤੇ ਕਸਮੀਰ (50) ਅਤੇ ਉਤਰ ਪ੍ਰਦੇਸ਼ (27) ਦਾ ਨੰਬਰ ਹੈ | ਹਰਿਆਣਾ ਵਿਚ 2020-21 ਵਿਚ ਤਿੰਨ ਅਤੇ 2021-22 ਵਿਚ ਇਕ ਪੁਲਿਸ ਮੁਕਾਬਲੇ ਹੋਏ ਅਤੇ ਪੰਜਾਬ ਪੁਲਿਸ ਨੇ 2020-21 ਵਿਚ ਇਕ ਅਤੇ 2021-22 ਵਿਚ ਦੋ ਮੁਕਾਬਲੇ ਕੀਤੇ |
ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਸੱਤਵੀਂ ਅਨੁਸੂਚੀ ਅਨੁਸਾਰ ਪੁਲਿਸ ਅਤੇ ਜਨਤਕ ਵਿਵਸਥਾ ਰਾਜ ਦੇ ਵਿਸ਼ੇ ਹਨ ਅਤੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਮੁੱਖ ਤੌਰ 'ਤੇ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ |