ਏ.ਜੀ. ਦੇ ਅਸਤੀਫ਼ੇ ਦੇ ਭਖੇ ਵਿਵਾਦ ਦੇ ਚਲਦੇ ਭਗਵੰਤ ਮਾਨ ਤੇ ਰਾਘਵ ਚੱਢਾ ਨੇ ਕੀਤੀ ਕੇਜਰੀਵਾਲ ਨਾਲ ਮੀਟਿੰਗ
ਏ.ਜੀ. ਦੇ ਅਸਤੀਫ਼ੇ ਦੇ ਭਖੇ ਵਿਵਾਦ ਦੇ ਚਲਦੇ ਭਗਵੰਤ ਮਾਨ ਤੇ ਰਾਘਵ ਚੱਢਾ ਨੇ ਕੀਤੀ ਕੇਜਰੀਵਾਲ ਨਾਲ ਮੀਟਿੰਗ
ਪੰਜਾਬ ਦੇ ਭਖਦੇ ਮੁੱਦਿਆਂ 'ਤੇ ਹੋਈ ਚਰਚਾ, ਐਲਾਨੇ ਜਾ ਚੁੱਕੇ ਨਵੇਂ ਏ.ਜੀ. ਘਈ ਬਾਰੇ ਫ਼ੈਸਲਾ ਬਦਲਣ 'ਤੇ ਹੋ ਰਹੀ ਹੈ ਵਿਚਾਰ
ਚੰਡੀਗੜ੍ਹ, 27 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਏ.ਜੀ. ਅਨਮੋਲ ਰਤਨ ਸਿੱਧੂ ਦੇ ਅਸਤੀਫ਼ੇ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਰਮਿਆਨ ਪੈਦਾ ਹੋਈ ਨਰਾਜ਼ਗੀ ਦੀਆਂ ਸਿਆਸੀ ਹਲਕਿਆਂ ਵਿਚ ਚਲ ਰਹੀਆਂ ਅਟਕਲਬਾਜ਼ੀਆਂ ਤੇ ਕਿਆਸ ਅਰਾਈਆਂ ਦੇ ਦਰਮਿਆਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਂ ਦਿੱਲੀ ਵਿਚ 'ਆਪ' ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ | ਭਾਵੇਂ ਅਧਿਕਾਰਤ ਤੌਰ 'ਤੇ ਪਾਰਟੀ ਜਾਂ ਸਰਕਾਰੀ ਬੁਲਾਰੇ ਨੇ ਇਸ ਬਾਰੇ ਕੁੱਝ ਨਹੀਂ ਦਸਿਆ ਪਰ ਮਿਲੀ ਜਾਣਕਾਰੀ ਅਨੁਸਾਰ ਮਾਨ ਨਾਲ ਰਾਘਵ ਚੱਢਾ ਵੀ ਮੀਟਿੰਗ ਵਿਚ ਮੌਜੂਦ ਰਹੇ |
ਲੱਗ ਰਹੇ ਕਿਆਸਾਂ ਦੇ ਉਲਟ ਅੱਜ ਦੋਵਾਂ ਦਰਮਿਆਨ ਨਾਰਾਜ਼ਗੀ ਵਾਲੀ ਕੋਈ ਗੱਲ ਵੇਖਣ ਨੂੰ ਨਹੀਂ ਮਿਲੀ | ਭਾਵੇ ਇਸ ਮੀਟਿੰਗ ਬਾਰੇ ਵਿਸਥਾਰਤ ਜਾਣਕਾਰੀ ਤਾਂ ਨਹੀਂ ਮਿਲ ਸਕੀ ਪਰ ਪਾਰਟੀ ਸੂਤਰਾਂ ਮੁਤਾਬਕ ਪੰਜਾਬ ਦੇ ਕੁੱਝ ਅਹਿਮ ਭਖਦੇ ਮੁੱਦਿਆਂ ਉਪਰ ਅਤੇ ਸੂਬਾ ਸਰਕਾਰ ਦੇ ਕੰਮ ਨੂੰ ਵਧੇਰੇ ਤਾਲਮੇਲ ਨਾਲ ਹੋਰ ਵਧੀਆ ਬਣਾਉਣ ਲਈ ਵਿਚਾਰਾਂ ਹੋਈਆਂ ਹਨ | ਸੂਤਰਾਂ ਦੀ ਮੰਨੀਏ ਤਾਂ ਏ.ਜੀ. ਦੇ ਅਸਤੀਫ਼ੇ ਬਾਅਦ ਪੈਦਾ ਹੋਈ ਸਥਿਤੀ ਅਤੇ ਵਿਰੋਧੀ ਧਿਰ ਵਲੋਂ ਕੀਤੀ ਜਾ ਰਹੀ ਘੇਰਾਬੰਦੀ ਨੂੰ ਲੈ ਕੇ ਚਰਚਾ ਹੋਈ ਹੈ | ਨਵੇਂ ਏ.ਜੀ. ਵਲੋਂ ਭਾਵੇਂ ਵਿਨੋਦ ਘਈ ਦਾ ਨਾਂ ਸਾਹਮਣੇ ਆ ਚੁੱਕਾ ਹੈ ਪਰ ਹਾਲੇ ਤਕ ਉਨ੍ਹਾਂ ਦੀ ਨਿਯੁਕਤੀ ਬਾਰੇ ਕੋਈ ਲਿਖਤੀ ਹੁਕਮ ਸਾਹਮਣੇ ਨਹੀਂ ਆਇਆ | ਕੇਜਰੀਵਾਲ ਦੀ ਅੱਜ ਦੀ ਮੀਟਿੰਗ ਤੋ ਬਾਅਦ ਘਈ ਦੀ ਥਾਂ ਕਿਸੇ ਹੋਰ ਨੂੰ ਏ.ਜੀ. ਲਾਇਆ ਜਾ ਸਕਦਾ ਹੈ | ਇਸ ਸਮੇਂ ਬੇਅਦਬੀਆਂ ਦੇ ਇਨਸਾਫ਼ ਦਾ ਮੁੱਦਾ ਕਾਫ਼ੀ ਭਖਿਆ ਹੋਇਆ ਹੈ ਤੇ ਸਿੱਖ ਜਥੇਬੰਦੀਆਂ ਤੇ ਪੀੜਤ ਪ੍ਰਵਾਰਾਂ ਨੇ 31 ਜੁਲਾਈ ਨੂੰ ਐਕਸ਼ਨ ਪ੍ਰੋਗਰਾਮ ਦਾ ਐਲਾਨ ਕਰਨਾ ਹੈ | ਨਵੇਂ ਬਣਾਏ ਜਾ ਰਹੇ ਏ.ਜੀ.ਘਈ ਦੇ ਸੌਦਾ ਸਾਧ ਤੇ ਡੇਰੇ ਦੇ ਕੇਸ ਲੜਨ ਤੇ ਵਿਰੋਧੀ ਪਾਰਟੀਆਂ ਦੇ ਵਕੀਲ ਹੋਣ ਦੀ ਚਰਚਾ ਦੇ ਤੁਲ ਫੜਨ ਬਾਅਦ ਪੈਦਾ ਵਿਵਾਦ ਤੇ ਵਿਰੋਧ ਨੂੰ ਦੇਖਦੇ ਭਗਵੰਤ ਮਾਨ ਸਰਕਾਰ ਕਿਸੇ ਹੋਰ ਨੂੰ ਨਵਾਂ ਏ.ਜੀ. ਲਾ ਸਕਦੀ ਹੈ |