ਸਰਕਾਰੀ ਹਸਪਤਾਲਾਂ ਨੂੰ ਰੈਫ਼ਰਲ ਹਸਪਤਾਲਾਂ ਵਿਚ ਤਬਦੀਲ ਨਹੀਂ ਹੋਣ ਦਿਤਾ ਜਾਵੇਗਾ : ਸਿਹਤ ਮੰਤਰੀ ਜੋੜੇਮਾਜਰਾ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰੀ ਹਸਪਤਾਲਾਂ ਨੂੰ ਰੈਫ਼ਰਲ ਹਸਪਤਾਲਾਂ ਵਿਚ ਤਬਦੀਲ ਨਹੀਂ ਹੋਣ ਦਿਤਾ ਜਾਵੇਗਾ : ਸਿਹਤ ਮੰਤਰੀ ਜੋੜੇਮਾਜਰਾ

image

ਫ਼ਤਿਹਗੜ੍ਹ ਸਾਹਿਬ, 28 ਜੁਲਾਈ (ਸਵਰਨਜੀਤ ਸਿੰਘ ਸੇਠੀ) : ਪੰਜਾਬ ਦੇ ਸਿਹਤ ਤੇ ਪਰਵਾਰ ਭਲਾਈ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦਾ ਦੌਰਾ ਕਰਨ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲਾਂ ਨੂੰ ਰੈਫ਼ਰਲ ਹਸਪਤਾਲਾਂ ਵਜੋਂ ਤਬਦੀਲ ਨਹੀਂ ਹੋਣ ਦਿਤਾ ਜਾਵੇਗਾ ਅਤੇ ਇਲਾਜ ਲਈ ਆਉਣ ਵਾਲੇ ਲੋਕਾਂ ਨਾਲ ਦੋਸਤਾਨਾਂ ਵਿਵਹਾਰ ਰਖਦੇ ਹੋਏ ਪਹਿਲ ਦੇ ਆਧਾਰ ’ਤੇ ਇਲਾਜ ਕੀਤਾ ਜਾਵੇ। 
ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਆਦੇਸ਼ ਵੀ ਦਿਤੇ ਕਿ ਸਰਕਾਰੀ ਲੈਬਾਰਟਰੀਆਂ ਵਿਚ ਟੈਸਟ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੇ ਵੱਧ ਤੋਂ ਵੱਧ ਟੈਸਟ ਕੀਤੇ ਜਾਣ ਤਾਂ ਜੋ ਸਰਕਾਰੀ ਹਸਪਤਾਲਾਂ ਵਿਚ ਹਰੇਕ ਵਿਅਕਤੀ ਨੂੰ ਇਲਾਜ ਮੁਹਈਆ ਕਰਵਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਤੇ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੀ ਮੌਜੂਦ ਸਨ। 
ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਹਸਪਤਾਲਾਂ ਦੀ ਦਸ਼ਾ ਸੁਧਾਰਨ ਲਈ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ ਅਤੇ ਹਰੇਕ ਨਾਗਰਿਕ ਨੂੰ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਅਪਣਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਵਧੇਰੇ ਕਰ ਕੇ ਗ਼ਰੀਬ ਤੇ ਮਧਿਅਮ ਵਰਗ ਦੇ ਲੋਕ ਇਲਾਜ ਲਈ ਆਉਂਦੇ ਹਨ ਅਤੇ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਮੌਕੇ ’ਤੇ ਹੀ ਮਰੀਜ਼ਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ ਅਤੇ ਮੌਕੇ ਤੋਂ ਹੀ ਡਾਕਟਰਾਂ ਨੂੰ ਨਿਰਦੇਸ਼ ਦਿਤੇ। 
ਸ੍ਰੀ ਜੋੜੇਮਾਜਰਾ ਨੇ ਹਸਪਤਾਲ ਵਿਚਲੇ ਨਸ਼ਾ ਛਡਾਉ ਕੇਂਦਰ ਦਾ ਦੌਰਾ ਕਰਨ ਮੌਕੇ ਡਾਕਟਰਾਂ ਨੂੰ ਕਿਹਾ ਕਿ ਇਲਾਜ ਲਈ ਆਉਣ ਵਾਲੇ ਵਿਅਕਤੀਆਂ ਦਾ ਮੁਕੰਮਲ ਰੀਕਾਰਡ ਰਖਿਆ ਜਾਵੇ ਅਤੇ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਾਉਣ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣ। ਉਨ੍ਹਾਂ ਹਸਪਤਾਲ ਵਿਚ ਬਣੇ ਜੱਚਾ-ਬੱਚਾ ਕੇਂਦਰ ਦੀ ਇਮਾਰਤ ਨੂੰ ਛੇਤੀ ਮੁਕੰਮਲ ਕਰਨ ਲਈ ਸਬੰਧਤ ਠੇਕੇਦਾਰ ਨੂੰ ਹਦਾਇਤ ਵੀ ਕੀਤੀ ਅਤੇ ਵਾਰਡਾਂ ਦੀ ਸਾਫ਼-ਸਫਾਈ ਦਾ ਜਾਇਜ਼ਾ ਲੈਣ ਮੌਕੇ ਨਿਰੰਤਰ ਸਾਫ਼-ਸਫਾਈ ਕਰਵਾਉਣੀ ਯਕੀਨੀ ਬਣਾਈ ਜਾਵੇ ਅਤੇ ਇਲਾਜ ਲਈ ਆਉਣ ਵਾਲੇ ਲੋਕਾਂ ਬਾਰੇ ਰੀਪੋਰਟ ਦਿਤੀ ਜਾਵੇ। 
13
ਫ਼ੋਟੋ ਕੈਪਸ਼ਨ: ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਮਰੀਜ਼ਾਂ ਦਾ ਹਾਲ-ਚਾਲ ਪੁੱਛਦੇ ਹੋਏ।-ਫ਼ੋਟੋ: ਸੇਠੀ
14
ਫ਼ੋਟੋ ਕੈਪਸ਼ਨ: ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ।-ਫ਼ੋਟੋ: ਸੇਠੀ