ਕਲਯੁਗੀ ਪਿਤਾ ਨੇ 14 ਮਹੀਨਿਆਂ ਦੀ ਮਾਸੂਮ ਧੀ ਨੂੰ ਗਲਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ

ਏਜੰਸੀ

ਖ਼ਬਰਾਂ, ਪੰਜਾਬ

ਮੁਲਜ਼ਮ ਪਿਓ ਸਿਕੰਦਰ ਅਪਣੀ ਧੀ ਨੂੰ ਹਸਪਤਾਲ ’ਚ ਛੱਡ ਕੇ ਹੋਇਆ ਫਰਾਰ

PHOTO

 

ਰੂਪਨਗਰ: ਪੰਜਾਬ ਦੇ ਜ਼ਿਲ੍ਹਾ ਰੂਪਨਗਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਕਲਯੁਗੀ ਪਿਤਾ ਨੇ ਅਪਣੀ 14 ਮਹੀਨਿਆਂ ਦੀ ਬੱਚੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿਤੀ।

ਮਾਮਲਾ ਰੂਪਨਗਰ ਦੇ ਪਿੰਡ ਭਲੀਆਂ ਦਾ ਹੈ, ਜਿੱਥੇ ਦੋਸ਼ੀ ਪਿਤਾ ਸਿਕੰਦਰ ਸਿੰਘ ਨੇ ਮਾਸੂਮ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਦਰਿੰਦਾ ਉਸ ਨੂੰ ਹਸਪਤਾਲ ਵੀ ਲੈ ਗਿਆ, ਉਦੋਂ ਤੱਕ ਬੱਚੀ ਦੀ ਮੌਤ ਹੋ ਚੁਕੀ ਸੀ। 

ਪ੍ਰਵਾਰ ਦਾ ਦੋਸ਼ ਹੈ ਕਿ ਕੁੱਟਮਾਰ ਕਰਨ ਤੋਂ ਬਾਅਦ ਲੜਕੀ ਨੂੰ ਬੈੱਡ 'ਤੇ ਲੇਟਾਇਆ ਗਿਆ ਅਤੇ ਪਤਨੀ ਸੀਮਾ ਨੂੰ ਕਿਹਾ ਕਿ ਲੜਕੀ ਸੁੱਤੀ ਹੋਈ ਹੈ। ਜਦੋਂ ਪਤਨੀ ਨੇ 2 ਘੰਟੇ ਬਾਅਦ ਦੇਖਿਆ ਕਿ ਬੱਚੇ ਨੂੰ ਸਾਹ ਨਹੀਂ ਆ ਰਿਹਾ ਤਾਂ ਉਸ ਨੇ ਰੋਲਾ ਪਾ ਦਿਤਾ, ਜਿਸ ਤੋਂ ਬਾਅਦ ਸਾਰੇ ਇਕੱਠੇ ਹੋ ਗਏ। ਜਦੋਂ ਲੋਕ ਇਕੱਠੇ ਹੋ ਗਏ ਤਾਂ ਪਿਤਾ ਲੜਕੀ ਨੂੰ ਸਿਵਲ ਹਸਪਤਾਲ ਲੈ ਗਿਆ, ਜਿੱਥੇ ਉਹ ਦਾਖਲ ਹੋ ਕੇ ਮੌਕੇ ਤੋਂ ਫਰਾਰ ਹੋ ਗਿਆ।

ਦੂਜੇ ਪਾਸੇ ਜਦੋਂ ਡਾਕਟਰਾਂ ਨੇ ਲੜਕੀ ਦੇ ਚਿਹਰੇ 'ਤੇ ਨਿਸ਼ਾਨ ਬਾਰੇ ਪੁੱਛਗਿੱਛ ਕੀਤੀ ਤਾਂ ਦੋਸ਼ੀ ਪਿਤਾ ਨੇ ਕਿਹਾ ਕਿ ਉਹ ਬੈੱਡ ਤੋਂ ਡਿੱਗ ਗਈ ਸੀ। ਪੁੱਛਗਿੱਛ ਦੌਰਾਨ ਦੋਸ਼ੀ ਉਥੋਂ ਫ਼ਰਾਰ ਹੋ ਗਿਆ। ਪ੍ਰਵਾਰ ਦਾ ਦੋਸ਼ ਹੈ ਕਿ ਉਸ ਦੇ ਪਿਤਾ ਨੇ ਹੀ ਉਸ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਹੈ। ਮੁਲਜ਼ਮ ਅਜੇ ਫ਼ਰਾਰ ਹੈ, ਜਦੋਂਕਿ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।