ਮੁੱਖ ਮੰਤਰੀ ਭਗਵੰਤ ਮਾਨ ਦੇ ਗਲ ਲੱਗ ਭੁੱਬਾਂ ਮਾਰ ਰੋਈ ਅਧਿਆਪਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਸ ਅਧਿਆਪਕਾ ਦੀ ਬੱਚੀ ਦੀ ਧਰਨੇ 'ਚ ਹੋਈ ਸੀ ਮੌਤ ਉਸ ਦਾ ਵੀ ਸੁਪਨਾ ਹੋਇਆ ਸਾਕਾਰ,ਮੁੱਖ ਮੰਤਰੀ ਦੀਆਂ ਵੀ ਭਰ ਆਈਆਂ ਅੱਖਾਂ

The teacher cried in the arms of Chief Minister Bhagwant Mann

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ 12,710 ਕੱਚੇ ਅਧਿਆਪਕਾਂ ਨੂੰ ਰੈਗੂਲਰ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਇਕ ਪਲ ਅਜਿਹਾ ਆਇਆ ਕਿ ਇਕ ਅਧਿਆਪਕਾ ਮੁੱਖ ਮੰਤਰੀ ਭਗਵੰਤ ਮਾਨ ਦੇ ਗਲ ਲੱਗ ਕੇ ਰੋਣ ਲੱਗੀ ਅਤੇ ਸਾਰੇ ਭਾਵੁਕ ਹੋ ਗਏ, ਇਥੋਂ ਤਕ ਕਿ ਮੁੱਖ ਮੰਤਰੀ ਵੀ ਅਪਣੇ ਹੰਝੂ ਰੋਕ ਨਹੀਂ ਸਕੇ। 

ਦਰਅਸਲ ਇਸ ਅਧਿਆਪਕਾ ਦੀ ਬੱਚੀ ਦੀ ਧਰਨੇ ਦੌਰਾਨ ਮੌਤ ਹੋ ਗਈ ਸੀ। ਸਾਲ 2014 ਵਿਚ ਜਦੋਂ ਅਧਿਆਪਕ ਅਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਅਤੇ ਮੋਗਾ ਦੀ ਇਹ ਅਧਿਆਪਕਾ ਕਿਰਨਦੀਪ ਵੀ ਧਰਨੇ ਵਿਚ ਸ਼ਾਮਲ ਸੀ। ਕਿਰਨਦੀਪ ਕੌਰ ਦੀ ਬੱਚੀ ਠੰਢ ਕਾਰਨ ਬੀਮਾਰ ਹੋ ਗਈ, ਕਿਉਂਕਿ ਪ੍ਰਸ਼ਾਸਨ ਨੇ ਧਰਨੇ 'ਤੇ ਬੈਠੇ ਇਨ੍ਹਾਂ ਅਧਿਆਪਕਾਂ ਲਈ ਕੋਈ ਵਿਵਸਥਾ ਨਹੀਂ ਕੀਤੀ ਸੀ ਤੇ ਬੱਚੀ ਨੂੰ ਠੰਢ ਲੱਗ ਗਈ ਤੇ ਉਸ ਦੀ ਮੌਤ ਹੋ ਗਈ ਸੀ। ਬੱਚੀ ਦੀ ਦੇਹ ਨੂੰ ਲੈ ਕੇ ਵੀ ਅਧਿਆਪਕਾਂ ਨੇ ਕਈ ਦਿਨਾਂ ਤਕ ਰੋਸ ਧਰਨਾ ਜਾਰੀ ਰੱਖਿਆ ਸੀ।

ਕਈ ਸਾਲਾਂ ਬਾਅਦ ਅੱਜ ਜਾ ਕੇ ਇਸ ਅਧਿਆਪਕਾ ਦੀ ਮੰਗ ਪੂਰੀ ਹੋਈ ਤੇ ਅੱਜ ਉਸ ਨੂੰ ਰੈਗੂਲਰ ਨੌਕਰੀ ਦਾ ਨਿਯੁਕਤੀ ਪੱਤਰ ਮਿਲਿਆ, ਜਿਸ ਨੂੰ ਦੇਖ ਕੇ ਉਹ ਭਾਵੁਕ ਹੋ ਗਈ ਅਤੇ ਮੁੱਖ ਮੰਤਰੀ ਦੇ ਗਲ ਲੱਗ ਕੇ ਰੋਣ ਲੱਗੀ। ਇਸ ਦੌਰਾਨ ਮੁੱਖ ਮੰਤਰੀ ਵੀ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਕਿਰਨਦੀਪ ਕੌਰ ਨੂੰ ਚੁੱਪ ਕਰਾਇਆ।
ਇਸ ਦੌਰਾਨ ਹੋਰ ਅਧਿਆਪਕਾਂ ਨੇ ਕਿਹਾ ਕਿ ਉਹ ਅਤੇ ਮੁੱਖ ਮੰਤਰੀ ਉਸ ਅਧਿਆਪਕਾ ਦਾ ਦਰਦ ਤਾਂ ਦੂਰ ਨਹੀਂ ਕਰ ਸਕਦੇ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਹੋਰ ਅਧਿਆਪਕਾਂ ਦੇ ਬੱਚੇ ਬਚਾ ਲਏ ਤੇ ਉਹਨਾਂ ਨੂੰ ਅੱਗੇ ਵਧਣ ਦੀ ਸੇਧ ਦਿਤੀ, ਅਜਿਹਾ ਪਹਿਲਾਂ ਹੋਰ ਕਿਸੇ ਵੀ ਮੁੱਖ ਮੰਤਰੀ ਨੇ ਨਹੀਂ ਕੀਤਾ।