ਪੰਜਾਬ ਸਰਕਾਰ ਦਾ ਪ੍ਰੋਜੈਕਟ ਜੀਵਨਜੋਤ-2 ਭੀਖ ਮੰਗ ਰਹੇ ਬੱਚਿਆਂ ਲਈ ਬਣਿਆ ਉਮੀਦ ਦਾ ਚਿਰਾਗ: ਡਾ ਬਲਜੀਤ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮਾਜਿਕ ਸੁਰੱਖਿਆ ਟੀਮਾਂ ਵੱਲੋਂ ਅੱਜ ਸੂਬੇ ਭਰ ਵਿੱਚ 19 ਵਿਸ਼ੇਸ਼ ਛਾਪਿਆਂ ਦੌਰਾਨ 6 ਬੱਚਿਆਂ ਨੂੰ ਬਚਾਇਆ ਗਿਆ: ਡਾ. ਬਲਜੀਤ ਕੌਰ

Punjab Government's Project Jeevanjot-2 has become a beacon of hope for begging children: Dr. Baljit Kaur

ਚੰਡੀਗੜ੍ਹ: ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੋਜੈਕਟ ਜੀਵਨਜੋਤ-2 ਭੀਖ ਮੰਗ ਰਹੇ ਬੱਚਿਆਂ ਲਈ ਉਮੀਦ ਦੀ ਰੋਸ਼ਨੀ ਬਣ ਕੇ ਉਭਰ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਅੱਜ ਸੂਬੇ ਭਰ ਵਿੱਚ 19 ਵਿਸ਼ੇਸ਼ ਛਾਪਿਆਂ ਦੌਰਾਨ 6 ਬੱਚਿਆਂ ਨੂੰ ਭੀਖ ਮੰਗਣ ਤੋਂ ਰੈਸਕਿਉ ਕੀਤਾ ਗਿਆ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਅੱਜ 12ਵੇਂ ਦਿਨ ਤੱਕ ਕੁੱਲ 203 ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਬਚਾਇਆ ਜਾ ਚੁੱਕੇ ਹਨ।

ਡਾ. ਬਲਜੀਤ ਕੌਰ ਨੇ ਕਿਹਾ ਕਿ ਪ੍ਰੋਜੈਕਟ ਜੀਵਨਜੋਤ-2 ਦਾ ਅਸਲ ਪ੍ਰਭਾਵ ਹੁਣ ਜ਼ਮੀਨੀ ਪੱਧਰ 'ਤੇ ਸਾਫ਼ ਤੌਰ 'ਤੇ ਨਜ਼ਰ ਆਉਣ ਲੱਗ ਪਿਆ ਹੈ, ਕਿਉਂਕਿ ਰੈਗੂਲਰ ਵਿਸ਼ੇਸ਼ ਚੈਕਿੰਗਾਂ ਦੇ ਨਤੀਜੇ ਵਜੋਂ ਰੈਸਕਿਉ ਕੀਤੇ ਜਾਣ ਵਾਲੇ ਬੱਚਿਆਂ ਦੀ ਗਿਣਤੀ ਘੱਟ ਰਹੀ ਹੈ। ਇਹ ਸਾਬਤ ਕਰਦਾ ਹੈ ਕਿ ਲੋਕ ਜਾਗਰੂਕ ਹੋ ਰਹੇ ਹਨ ਅਤੇ ਭੀਖ ਮੰਗਵਾਉਣ ਵਾਲੇ ਮਾਫੀਆਵਾਂ ਦੇ ਹੌਸਲੇ ਟੁੱਟ ਰਹੇ ਹਨ।

ਮੰਤਰੀ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਬਰਨਾਲਾ 'ਚ 1, ਮਲੇਰਕੋਟਲਾ 'ਚ 3 ਅਤੇ ਸ੍ਰੀ ਮੁਕਤਸਰ ਸਾਹਿਬ 'ਚ 2 ਬੱਚਿਆਂ ਨੂੰ ਰੈਸਕਿਉ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 4 ਬੱਚਿਆਂ ਨੂੰ ਦਸਤਾਵੇਜ਼ ਜਾਂਚ ਅਤੇ ਮਾਪਿਆਂ ਦੀ ਕਾਉਂਸਲਿੰਗ ਤੋਂ ਬਾਅਦ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ, ਜਦਕਿ ਸ੍ਰੀ ਮੁਕਤਸਰ ਸਾਹਿਬ ਦੇ 2 ਬੱਚਿਆਂ ਨੂੰ ਬਾਲ ਘਰ ਵਿੱਚ ਭੇਜਿਆ ਗਿਆ।

ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 105 ਬੱਚਿਆਂ ਨੂੰ ਸੁਰੱਖਿਅਤ ਬਾਲ ਘਰਾਂ ਵਿੱਚ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਲਈ ਸਿੱਖਿਆ, ਭੋਜਨ ਅਤੇ ਰਹਿਣ-ਸਹਿਣ ਦੀ ਚੰਗੀ ਵਿਵਸਥਾ ਕੀਤੀ ਗਈ ਹੈ।

ਡਾ. ਬਲਜੀਤ ਕੌਰ ਨੇ ਕਿਹਾ ਕਿ ਜਿੱਥੇ ਵੀ ਬੱਚੇ ਅਤੇ ਉਨ੍ਹਾਂ ਨਾਲ ਹੋਰ ਵਿਅਕਤੀਆਂ ਦੇ ਰਿਸ਼ਤਿਆਂ 'ਤੇ ਸ਼ੱਕ ਹੁੰਦਾ ਹੈ, ਉਥੇ ਡੀ.ਐਨ.ਏ. ਟੈਸਟ ਕਰਵਾਇਆ ਜਾਵੇਗਾ। ਉਨ੍ਹਾਂ ਨੇ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਜੋ ਵੀ ਵਿਅਕਤੀ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਦੇ ਹਨ, ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਬੱਚਿਆਂ ਦੀ ਭੀਖ ਮੰਗਣ ਦੀ ਸਮੱਸਿਆ ਨੂੰ ਜੜ ਤੋਂ ਖ਼ਤਮ ਕਰਨ ਲਈ ਵਚਨਬੱਧ ਹੈ। ਰੈਸਕਿਉ ਹੋਏ ਬੱਚਿਆਂ ਨੂੰ ਸਮਾਜਿਕ ਸੁਰੱਖਿਆ ਸਕੀਮਾਂ ਨਾਲ ਜੋੜ ਕੇ ਗੁਣਵੱਤਾ ਵਾਲੀ ਸਿੱਖਿਆ, ਆਵਾਸ ਅਤੇ ਭੋਜਨ ਦਿੱਤਾ ਜਾ ਰਿਹਾ ਹੈ, ਤਾਂ ਜੋ ਉਹ  ਸੰਘਰਸ਼ੀ ਅਤੇ ਆਤਮ ਨਿਰਭਰ ਨਾਗਰਿਕ ਬਣ ਸਕਣ।

ਡਾ. ਬਲਜੀਤ ਕੌਰ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਬੱਚੇ ਨੂੰ ਭੀਖ ਨਾ ਦੇਣ ਅਤੇ ਜੇ ਕਿਸੇ ਨੂੰ ਭੀਖ ਮੰਗਦਾ ਬੱਚਾ ਨਜ਼ਰ ਆਵੇ ਤਾਂ ਤੁਰੰਤ ਚਾਈਲਡ ਹੈਲਪਲਾਈਨ ਨੰਬਰ 1098 'ਤੇ ਸੂਚਨਾ ਦੇਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਸਮਾਜਿਕ ਬੁਰਾਈ ਖ਼ਤਮ ਨਹੀਂ ਕੀਤੀ ਜਾ ਸਕਦੀ ਅਤੇ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਬਣੇਗੀ।