ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਕਲਾਸਰੂਮਾਂ ਦੀ ਉਸਾਰੀ ਲਈ 20 ਕਰੋੜ ਰੁਪਏ ਜਾਰੀ ਕੀਤੇ: ਸੋਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਿਆ ਮੰਤਰੀ ਪੰਜਾਬ  ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਜ ਭਰ ਦੇ ਸਰਕਾਰੀ ਸਕੂਲਾਂ ਵਿੱਚ ਕਲਾਸਰੂਮ ਮੁਹੱਈਆ ਕਰਵਾਉਣ ਲਈ ਨਾਬਾਰ...

om parkash soni

ਚੰਡੀਗੜ੍ਹ, 28 ਅਗਸਤ : ਸਿੱਖਿਆ ਮੰਤਰੀ ਪੰਜਾਬ  ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਜ ਭਰ ਦੇ ਸਰਕਾਰੀ ਸਕੂਲਾਂ ਵਿੱਚ ਕਲਾਸਰੂਮ ਮੁਹੱਈਆ ਕਰਵਾਉਣ ਲਈ ਨਾਬਾਰਡ ਪ੍ਰਾਜੈਕਟਾਂ (R946 XX999 and R946 XX9V) ਤਹਿਤ ਪਹਿਲਕਦਮੀ ਕੀਤੀ ਹੈ। ਨਾਬਾਰਡ ਦੇ ਪ੍ਰਾਜੈਕਟ (R946 XX999) ਤਹਿਤ ਸਕੂਲਾਂ ਵਿੱਚ 1597 ਕਲਾਸਰੂਮ ਮੁਹੱਈਆ ਕਰਨ ਲਈ ਬਜਟ ਵਿੱਚ 120 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ।

ਇਸ ਵਿੱਚੋਂ 266 ਕਲਾਸਰੂਮਾਂ ਲਈ 20 ਕਰੋੜ ਰੁਪਏ ਸਕੂਲਾਂ ਨੂੰ ਜਾਰੀ ਕਰ ਦਿੱਤੇ ਗਏ ਹਨ, ਜਦੋਂ ਕਿ ਨਾਬਾਰਡ ਪ੍ਰਾਜੈਕਟ (R946 XX9V) ਤਹਿਤ 4974 ਕਲਾਸਰੂਮਾਂ ਦੇ ਨਿਰਮਾਣ ਲਈ 373.54 ਕਰੋੜ ਰੁਪਏ ਦੀ ਤਜਵੀਜ਼ ਵਿੱਤ ਵਿਭਾਗ ਨੂੰ ਭੇਜੀ ਗਈ ਹੈ। ਵਿਧਾਨ ਸਭਾ ਵਿੱਚ ਇਕ ਸਵਾਲ ਦੇ ਜਵਾਬ ਵਿੱਚ ਸ੍ਰੀ ਸੋਨੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਬੁਢਲਾਡਾ ਵਿੱਚ 180 ਸਰਕਾਰੀ ਸਕੂਲ ਹਨ। ਇਨ੍ਹਾਂ ਵਿੱਚੋਂ ਅੱਠ ਸਕੂਲਾਂ ਦੇ 45 ਕਮਰਿਆਂ ਨੂੰ ਅਸੁਰੱਖਿਅਤ ਐਲਾਨਿਆ ਗਿਆ ਹੈ, ਜਿਨ੍ਹਾਂ ਵਿੱਚੋਂ 27 ਅਸੁਰੱਖਿਅਤ ਕਮਰਿਆਂ ਨੂੰ ਢਾਹ ਦਿੱਤਾ ਗਿਆ ਹੈ।

ਨਵੇਂ ਕਮਰਿਆਂ ਦੀ ਉਸਾਰੀ ਲਈ 22.194 ਲੱਖ ਰੁਪਏ 17 ਮਈ 2018 ਨੂੰ ਜਾਰੀ ਕੀਤੇ ਗਏ ਹਨ ਅਤੇ ਬਾਕੀ ਕਮਰਿਆਂ ਦੇ ਨਿਰਮਾਣ ਦੀ ਤਜਵੀਜ਼ ਨਾਬਾਰਡ ਨੂੰ ਭੇਜੀ ਜਾਵੇਗੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸਕੂਲ ਬੁਢਲਾਡਾ ਵਿੱਚ 486 ਵਿਦਿਆਰਥੀਆਂ ਲਈ 14 ਕਮਰੇ ਹਨ। ਦਾਖਲਿਆਂ ਮੁਤਾਬਕ ਸਕੂਲ ਵਿੱਚ 17 ਕਮਰਿਆਂ ਦੀ ਲੋੜ ਹੈ ਅਤੇ ਅਸੁਰੱਖਿਅਤ ਕਮਰੇ ਢਾਹੁਣ ਤੋਂ ਬਾਅਦ ਸਕੂਲ ਵਿੱਚ 11 ਕਮਰੇ ਬਚੇ ਹਨ, ਜਿਸ ਵਿੱਚੋਂ ਇਕ ਕਮਰੇ ਦੇ ਨਿਰਮਾਣ ਲਈ 2016 ਵਿੱਚ ਗਰਾਂਟ ਜਾਰੀ ਕੀਤੀ ਗਈ ਸੀ।

ਇਸ ਗਰਾਂਟ ਨਾਲ ਕਮਰੇ ਦੀ ਉਸਾਰੀ ਹੋ ਚੁੱਕੀ ਹੈ। ਦੋ ਕਮਰਿਆਂ ਦੀ ਉਸਾਰੀ ਮਿਊਂਸਿਪਲ ਕਮੇਟੀ ਬੁਢਲਾਡਾ ਨੇ ਕਰਵਾਈ, ਜਦੋਂ ਕਿ ਤਿੰਨ ਕਮਰਿਆਂ ਦੀ ਉਸਾਰੀ ਲਈ 17 ਮਈ 2018 ਨੂੰ 22.194 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਇਹ ਉਸਾਰੀ ਹੋਣ ਤੋਂ ਬਾਅਦ ਇਸ ਸਕੂਲ ਵਿੱਚ ਕਮਰਿਆਂ ਦੀ ਕੋਈ ਘਾਟ ਨਹੀਂ ਆਏਗੀ।