ਸਿੱਖਾਂ ਦੇ ਕਾਤਲ ਬਾਦਲਾਂ ਨੇ ਜਨਰਲ ਡਾਇਰ ਨੂੰ ਵੀ ਪਿੱਛੇ ਛੱਡਿਆ : ਰਾਜਾ ਵੜਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਦੌਰਾਨ ਬੋਲਦਿਆਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ

Punjab Vidhan Sabha Live: Raja Warring

ਚੰਡੀਗੜ੍ਹ: ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਦੌਰਾਨ ਬੋਲਦਿਆਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ  ਅਕਾਲੀਆਂ 'ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਇਕ ਜੂਨ 2015, ਪਿੰਡ ਜਵਾਹਰ ਸਿੰਘ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਹੋਈ ਅਤੇ 11 ਜੂਨ ਨੂੰ ਧਰਨਾ ਲਗਾਇਆ ਗਿਆ ਅਤੇ 24 ਸਤੰਬਰ ਨੂੰ ਪੋਸਟਰ ਲਗਾਏ ਜਾਂਦੇ ਹਨ ਕਿ ਤੁਹਾਡਾ ਗੁਰੂ ਚੱਕ ਲਿਆ ਗਿਆ ਅਤੇ ਚੰਦ ਦਿਨਾਂ ਵਿਚ ਤੁਹਾਡੇ ਗੁਰੂ ਨੂੰ ਪੈਰਾਂ ਵਿਚ ਰੋਲਿਆ ਜਾਵੇਗਾ।

ਉਸ ਤੋਂ ਬਾਅਦ ਵੀ ਸਿੱਖਾਂ ਦੇ ਸਿਰਮੌਰ ਆਗੂ ਕਹਾਉਂਦੇ ਅਕਾਲੀਆਂ ਦੇ ਕੰਨ 'ਤੇ ਜੂੰ ਨਹੀਂ ਸਰਕੀ। ਪੰਜਾਬ ਦਾ ਗ੍ਰਹਿ ਮੰਤਰੀ ਸੁੱਤਾ ਪਿਆ ਰਿਹਾ, ਕੋਈ ਕਾਰਵਾਈ ਨਹੀਂ ਹੋਈ। ਸਾਰੇ ਚਾਰ ਮਹੀਨੇ ਦੇ ਵਕਫ਼ੇ ਤੋਂ ਬਾਅਦ 110 ਅੰਗ ਬਰਗਾੜੀ ਪਿੰਡ ਦੀਆਂ ਗਲੀਆਂ ਵਿਚ ਖਿਲਾਰੇ ਗਏ। ਫਿਰ ਵੀ ਅਕਾਲੀ ਸਰਕਾਰ ਨੇ ਇਹ ਨਹੀਂ ਕਿਹਾ ਕਿ ਫੜ ਲਓ ਉਨ੍ਹਾਂ ਨੂੰ, ਜਿਨ੍ਹਾਂ ਨੇ ਇਹ ਕੰਮ ਕੀਤਾ? ਰਾਜਾ ਵੜਿੰਗ ਨੇ ਭਾਵੁਕ ਹੁੰਦਿਆਂ ਆਖਿਆ ਕਿ ਇਸ ਸਭ ਦੇ ਬਾਵਜੂਦ ਅਕਾਲੀ ਸਰਕਾਰ ਕੋਈ ਤਵੱਜੋ ਨਹੀਂ ਦਿਤੀ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਕਦੇ ਨਹੀਂ ਸੋਚਿਆ ਕਿ ਸਾਡੇ ਪਿਓ ਦੀ ਬੇਅਦਬੀ ਹੋਈ ਹੋਵੇ ਅਤੇ ਅਕਾਲੀ ਫਿਰ ਵੀ ਚੁੱਪ ਬੈਠੇ ਰਹੇ। 

ਰਾਜਾ ਵੜਿੰਗ ਨੇ ਆਖਿਆ ਕਿ ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਧਰਨਾ ਲਗਾਉਣ ਵਾਲੇ ਲੋਕ ਸ਼ਾਂਤਮਈ ਰੋਸ ਕਰਨ ਆਏ ਸਨ, ਉਹ ਤਾਂ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ, ਉਹ ਤਾਂ ਅਪਣੇ ਪਿਓ ਦੀ ਬੇਅਦਬੀ ਦਾ ਰੋਸ ਜ਼ਾਹਿਰ ਕਰ ਰਹੇ ਸਨ ਪਰ ਅਕਾਲੀਆਂ ਨੇ ਉਨ੍ਹਾਂ ਦੀ ਅਜਿਹੀ ਕੁੱਟਮਾਰ ਕੀਤੀ ਕਿ ਕਈਆਂ ਤੋਂ ਤਾਂ ਅਜੇ ਤਕ ਵੀ ਠੀਕ ਤਰ੍ਹਾਂ ਤੁਰਿਆ ਨਹੀਂ ਜਾਂਦਾ। ਰਾਜਾ ਵੜਿੰਗ ਨੇ ਆਖਿਆ ਕਿ 116 ਦਿਨਾਂ ਬਾਅਦ ਵੀ ਅਕਾਲੀ ਸਰਕਾਰ ਨੇ ਉਸ ਸਮੇਂ ਕੋਈ ਕਾਰਵਾਈ ਕਰਨ ਦੀ ਬਜਾਏ ਉਲਟਾ ਸਿੱਖਾਂ ਨੂੰ ਹੀ ਕੁੱਟਣਾ ਸ਼ੁਰੂ ਕਰ ਦਿਤਾ।

ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਤਾਂ ਜਨਰਲ ਓਡਵਾਇਰ ਨੂੰ ਵੀ ਪਿਛੇ ਛੱਡ ਦਿਤਾ। ਅਕਾਲੀ ਸਰਕਾਰ ਨੇ ਬਹਿਬਲ ਕਲਾਂ ਵਿਚ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਗੋਲੀਬਾਰੀ ਕਰ ਦਿਤੀ, ਜਿਸ ਵਿਚ ਦੋ ਸਿੱਖ ਸ਼ਹੀਦ ਹੋ ਗਏ। ਰਾਜਾ ਵੜਿੰਗ ਨੇ ਬਹਿਬਲ ਕਲਾਂ ਗੋਲੀ ਕਾਂਡ ਦਾ ਵਿਸਥਾਰ ਨਾਲ ਵਰਨਣ ਕੀਤਾ। ਉਨ੍ਹਾਂ ਆਖਿਆ ਕਿ ਅਕਾਲੀ ਸਰਕਾਰ ਨੂੰ ਸਿੱਖਾਂ 'ਤੇ ਇਸ ਤਰ੍ਹਾਂ ਗੋਲੀ ਚਲਾਉਣ ਦਾ ਹੱਕ ਕਿਸ ਨੇ ਦਿੱਤਾ? ਰਾਜਾ ਵੜਿੰਗ ਨੇ ਅੱਗੇ ਬੋਲਦਿਆਂ ਆਖਿਆ ਕਿ ਜਿਸ ਮੁੱਖ ਮੰਤਰੀ ਨੂੰ ਫ਼ਖ਼ਰ-ਏ-ਕੌਮ ਦਾ ਐਵਾਰਡ ਮਿਲਿਆ ਹੋਵੇ, ਸਿੱਖਾਂ ਦੇ ਆਗੂ ਕਹਾਉਂਦੇ ਹੋਣ ਅਤੇ ਅਕਾਲੀ ਦਲ ਦੇ ਲੰਬਾ ਸਮਾਂ ਪ੍ਰਧਾਨ ਰਹੇ ਹੋਣ,

ਫਿਰ ਸੂਬੇ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਹੋਣ, ਉਨ੍ਹਾਂ ਨੇ ਕਿਸ ਤਰ੍ਹਾਂ ਸਿੱਖਾਂ 'ਤੇ ਗੋਲੀ ਚਲਵਾ ਦਿਤੀ? ਉਨ੍ਹਾਂ ਆਖਿਆ ਕਿ ਜਨਰਲ ਓਡਵਾਇਰ ਤਾਂ ਅੰਗਰੇਜ਼ ਸੀ, ਉਸ 'ਤੇ ਕੀ ਰੋਸਾ, ਇਹ ਤਾਂ ਸਿੱਖਾਂ ਦੇ ਆਗੂ ਕਹਾਉਂਦੇ ਹਨ, ਕੀ ਇਹ ਸਿੱਖ ਹਨ? ਕੀ ਇਹ ਇਨਸਾਨ ਹਨ, ਜਿਨ੍ਹਾਂ 'ਤੇ ਗੁਰੂ ਦੀ ਲੜਾਈ ਲੜ ਰਹੇ ਸਿੱਖਾਂ ਨੂੰ ਵੀ ਨਹੀਂ ਬਖ਼ਸ਼ਿਆ। ਰਾਜਾ ਵੜਿੰਗ ਨੇ ਕਿਹਾ ਕਿ ਮੈਂ ਅੱਗੇ ਤੋਂ ਭਾਵੇਂ ਵਿਧਾਨ ਸਭਾ ਵਿਚ ਆਵਾਂ ਚਾਹੇ ਜਾਂ ਨਾ ਆਵਾਂ, ਪਰ ਇਨ੍ਹਾਂ ਕੁੱਤਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਭਾਵੇਂ ਕਈ ਮੁੱਦਿਆਂ 'ਤੇ ਮਤਭੇਦ ਹੁੰਦੇ ਹਨ ਪਰ ਇਸ ਮਾਮਲੇ 'ਤੇ ਮੁੱਖ ਮੰਤਰੀ ਦੀ ਤਾਰੀਫ਼ ਕਰਨੀ ਬਣਦੀ ਹੈ, ਜਿਨ੍ਹਾਂ ਨੇ ਸਿੱਖਾਂ ਦੇ ਕਾਤਲਾਂ ਵਿਰੁਧ ਨਿਰਪੱਖ ਜਾਂਚ ਕਰਵਾਈ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਕਰਜ਼ਾ ਭਾਵੇਂ ਮੁਆਫ਼ ਨਾ ਕਰੋ, ਉਹ ਸਹਿ ਲੈਣਗੇ, ਪੰਜਾਬ ਦਾ ਵਿਕਾਸ ਨਾ ਕਰਵਾਓ, ਉਹ ਸਹਿ ਲੈਣਗੇ ਪਰ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਪੰਜਾਬੀ ਕਦੇ ਵੀ ਮੁਆਫ਼ੀ ਨਹੀਂ ਕਰਨਗੇ। ਉਨ੍ਹਾਂ ਸਿੱਧੂ ਬਾਰੇ ਬੋਲਦਿਆਂ ਆਖਿਆ

ਕਿ ਸਿੱਧੂ ਭਾਵੇਂ ਜਿੱਥੇ ਮਰਜ਼ੀ ਜੱਫ਼ੀਆਂ ਪਾਈ ਜਾਣ ਪਰ ਉਹ ਅਪਣੇ ਨਿਸ਼ਾਨੇ ਦੇ ਪੱਕੇ ਹਨ, ਉਹ ਨਿਸ਼ਾਨਾ ਮੱਛੀ ਦੀ ਅੱਖ ਵਿਚ ਠੋਕ ਕੇ ਲਗਾਉਂਦੇ ਹਨ। ਰਾਜਾ ਵੜਿੰਗ ਨੇ ਆਖਿਆ ਕਿ ਹਿੰਮਤ ਸਿੰਘ ਅਪਣੇ ਬਿਆਨਾਂ ਤੋਂ ਮੁੱਕਰ ਗਿਆ, ਕੀ ਇਹੀ ਪੰਥ ਦੇ ਵਾਰਿਸ ਰਹਿ ਗਏ? ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨਹੀਂ? ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਸਰਕਾਰ ਅਗਲੀ ਵਾਰ ਆ ਗਈ ਤਾਂ ਹੋ ਸਕਦੈ ਕਿ ਹਿੰਮਤ ਸਿੰਘ ਨੂੰ ਫ਼ਖ਼ਰ ਏ ਕੌਮ ਦਾ ਐਵਾਰਡ ਦੇ ਦੇਵੇ। ਉਨ੍ਹਾਂ ਕਿਹਾ ਕਿ ਬਰਗਾੜੀ ਵਿਚ ਉਹ ਲੋਕ ਹਮਦਰਦੀ ਲਈ ਗਏ, ਜਿਨ੍ਹਾਂ ਨੂੰ ਇਹ ਕਾਤਲ ਦਸਦੇ ਹਨ।

ਉਨ੍ਹਾਂ ਕਿਹਾ ਕਿ ਬਰਗਾੜੀ ਵਿਖੇ ਰਾਹੁਲ ਗਾਂਧੀ ਤਿੰਨ ਕਿਲੋਮੀਟਰ ਪੈਦਲ ਚੱਲ ਕੇ ਆਇਆ। ਇਨ੍ਹਾਂ ਫ਼ਖ਼ਰ ਏ ਕੌਮ ਨੂੰ ਕੋਈ ਸਿੱਖਾਂ ਦੀ ਯਾਦ ਨਹੀਂ ਆਈ, ਇਨ੍ਹਾਂ ਵਿਚੋਂ ਕਿਸੇ ਨੇ ਬਰਗਾੜੀ ਜਾ ਕੇ ਨਹੀਂ ਦੇਖਿਆ। ਉਨ੍ਹਾਂ ਆਖਿਆ ਕਿ ਇੰਟੈਲੀਜੈਂਸੀ ਦੀ ਰਿਪੋਰਟ ਮੁਤਾਬਕ ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ ਹੁੰਦਿਆਂ ਵੀ ਉਹ ਬਰਗਾੜੀ ਵਿਖੇ ਪਹੁੰਚੇ।

ਇਸ ਮੌਕੇ ਰਾਜਾ ਵੜਿੰਗ ਨੇ ਕਾਂਗਰਸ ਵਲੋਂ ਸਿੱਖਾਂ ਨੂੰ ਵੱਖ-ਵੱਖ ਅਹੁਦੇ ਦੇ ਕੇ ਦਿਤੇ ਗਏ ਮਾਣ ਦੀ ਵੀ ਗੱਲ ਕੀਤੀ। ਆਖ਼ਰ ਵਿਚ ਉਨ੍ਹਾਂ ਮੁੱਖ ਮੰਤਰੀ ਨੂੰ ਆਖਿਆ ਕਿ ਪੰਜਾਬ ਦੇ ਲੋਕ ਤੁਹਾਨੂੰ ਇਸ ਕਰਕੇ ਪਿਆਰ ਨਹੀਂ ਕਰਦੇ ਕਿ ਤੁਸੀਂ ਲੋਕਾਂ ਵਿਚ ਬਹੁਤ ਜਾਂਦੇ ਹੋ, ਬਲਕਿ ਇਸ ਲਈ ਪਿਆਰ ਕਰਦੇ ਹਨ ਕਿ ਲੋਕ ਤੁਹਾਨੂੰ ਇਕ ਸੱਚਾ ਸਿੱਖ ਮੰਨਦੇ ਹਨ। ਇਸ 'ਤੇ ਸਾਰਾ ਸਦਨ ਤਾੜੀਆਂ ਨਾਲ ਗੂੰਜ ਉਠਿਆ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ।