ਸਿਮਰਜੀਤ ਬੈਂਸ ਨੇ ਬਾਦਲਾਂ 'ਤੇ ਕਾਰਵਾਈ ਕਰਨ ਲਈ ਮੁੱਖ ਮੰਤਰੀ ਨੂੰ ਦਿਤੀ ਸ਼ਹੀਦ ਊਧਮ ਸਿੰਘ ਸਹੁੰ
ਵਿਧਾਨ ਸਭਾ ਵਿਚ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬੋਲਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਬੋਲਦਿਆਂ
ਚੰਡੀਗੜ੍ਹ : ਵਿਧਾਨ ਸਭਾ ਵਿਚ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬੋਲਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਬੋਲਦਿਆਂ ਆਖਿਆ ਕਿ ਉਹ ਜ਼ਿਆਦਾ ਸਮਾਂ ਨਹੀਂ ਬੋਲਣਗੇ ਕਿਉਂਕਿ ਮੰਗ ਤਾਂ ਇਕੋ ਹੈ, ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ। ਉਨ੍ਹਾਂ ਆਖਿਆ ਕਿ ਮੈਂ ਇਕ ਘਟਨਾ ਜ਼ਰੂਰ ਦੱਸਣੀ ਚਾਹਾਂਗਾ ਜੋ ਅਕਾਲੀਆਂ ਦੀ ਕਰਤੂਤ ਨੂੰ ਉਜਾਗਰ ਕਰਦੀ ਹੈ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮੈਨੂੰ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਿਆ ਅਤੇ ਬਾਦਲਾਂ ਦੇ ਚਮਚੇ ਪੁਲਿਸ ਵਾਲਿਆਂ ਨੇ ਮੇਰੀ ਕੁੱਟਮਾਰ ਦੀ ਵੀਡੀਓ ਬਣਾ ਕੇ ਬਾਦਲਾਂ ਨੂੰ ਭੇਜੀ।
ਇਸ ਤੋਂ ਬਾਅਦ ਮੈਨੂੰ ਹਵਾਲਾਤ ਵਿਚ ਡੱਕਿਆ ਗਿਆ ਅਤੇ ਉਥੇ ਮੈਨੂੰ ਸੌਣ ਲਈ ਮੂਤ ਵਾਲੀ ਦਰੀ ਦਿਤੀ ਗਈ। ਇਸ ਤੋਂ ਬਾਅਦ ਫਿਰ ਇਕ ਪੁਲਿਸ ਵਾਲਾ ਦਰੀ ਦੀਆਂ ਫੋਟੋਆਂ ਖਿੱਚਣ ਲੱਗਾ ਪਰ ਮੈਂ ਉਸ ਪੁਲਿਸ ਵਾਲੇ ਨੂੰ ਕਿਹਾ ਕਿ ਫੋਟੋਆਂ ਨਾ ਖਿੱਚੋ, ਵੀਡੀਓ ਬਣਾ ਕੇ ਬਾਦਲਾਂ ਨੂੰ ਭੇਜੋ। ਉਨ੍ਹਾਂ ਆਖਿਆ ਕਿ ਇਹ ਉਹ ਅਕਾਲੀ ਹਨ, ਜਿਨ੍ਹਾਂ ਨੇ ਸਾਡੇ ਪਿਓ ਦੀ, ਪੂਰੀ ਸਿੱਖ ਕੌਮ ਦੇ ਪਿਓ ਦੀ ਬੇਇੱਜ਼ਤੀ ਕੀਤੀ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਸਾਬ੍ਹ ਜੇਕਰ ਤੁਸੀਂ ਅੱਜ ਬਦਲਾ ਨਾ ਲਿਆ ਤਾਂ ਤੁਹਾਨੂੰ ਊਧਮ ਸਿੰਘ ਦੀ ਸਹੁੰ ਹੈ।
ਊਧਮ ਸਿੰਘ ਵਾਂਗ ਅੱਜ ਤੁਹਾਨੂੰ ਵੀ ਉਹੀ ਮੌਕਾ ਮਿਲਿਆ ਹੈ, ਗੁਰੂ ਸਾਹਿਬ ਦੇ ਦੋਸ਼ੀਆਂ ਕੋਲੋਂ ਬਦਲਾ ਲੈਣ ਦਾ। ਇਸ ਲਈ ਹੁਣ ਪਿਛੇ ਨਾ ਹਟਿਓ। ਤੁਸੀਂ ਅੱਜ ਉਸ ਕੁਰਸੀ 'ਤੇ ਬੈਠੇ ਹੋ। ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਸਾਬ੍ਹ ਨੂੰ ਮੈਦਾਨ ਏ ਜੰਗ ਵਿਚ ਆਉਣਾ ਪਵੇਗਾ ਕਿਉਂਕਿ ਸਾਡੇ ਪਿਓ ਦੀ ਬੇਇੱਜ਼ਤੀ ਹੋਈ। ਉਨ੍ਹਾਂ ਆਖਿਆ ਕਿ ਅੱਜ ਕੈਪਟਨ ਸਾਬ੍ਹ ਤੁਹਾਡੇ 'ਤੇ ਸਾਰਾ ਪੰਜਾਬ ਟਿਕਟਿਕੀ ਲਗਾਈ ਬੈਠਾ ਹੈ, ਗੁਰੂ ਸਾਹਿਬ ਦੇ ਦੋਸ਼ੀਆਂ ਨੂੰ ਬਖ਼ਸਿਓ ਨਾ।