ਜਾਪਾਨ ਦੇ ਸੱਭ ਤੋਂ ਲੰਮੇ ਸਮੇਂ ਤਕ ਪ੍ਰਧਾਨ ਮੰਤਰੀ ਰਹੇ ਸ਼ਿੰਜ਼ੋ ਆਬੇ ਨੇ ਦਿਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਾਪਾਨ ਦੇ ਸੱਭ ਤੋਂ ਲੰਮੇ ਸਮੇਂ ਤਕ ਪ੍ਰਧਾਨ ਮੰਤਰੀ ਰਹੇ ਸ਼ਿੰਜ਼ੋ ਆਬੇ ਨੇ ਦਿਤਾ ਅਸਤੀਫ਼ਾ

image

ਟੋਕੀਓ, 28 ਅਗੱਸਤ : ਜਾਪਾਨ 'ਚ ਹੁਣ ਤਕ ਇਤਿਹਾਸ 'ਚ ਸਭ ਤੋਂ ਲੰਮੇ ਸਮੇਂ ਤਕ ਲਗਾਤਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਸ਼ਿੰਜੋ ਆਬੇ ਨੇ ਸਿਹਤ ਸਬੰਧੀ ਕਾਰਨਾਂ ਕਾਰਨ ਸ਼ੁਕਰਵਾਰ ਨੂੰ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਸਿਹਤ ਖ਼ਰਾਬ ਹੁੰਦੀ ਜਾ ਰਹੀ ਹੈ। 65 ਸਾਲਾ ਆਬੇ ਲੰਬੇਂ ਸਮੇਂ ਤੋਂ ਪੇਟ ਸਬੰਧੀ ਬੀਮਾਰੀ ਨਾਲ ਜੂਝ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਵਿਚ ਜਾਪਾਨੀ ਮੀਡੀਆ ਨੇ ਰੀਪੋਰਟ ਕੀਤੀ ਸੀ ਕਿ ਸ਼ੁਕਰਵਾਰ ਨੂੰ ਪ੍ਰੈੱਸ ਕਾਨਫੰਰਸ ਵਿਚ ਸ਼ਿੰਜ਼ੋ ਆਬੇ ਅਪਣਾ ਅਸਤੀਫ਼ਾ ਦੇ ਸਕਦੇ ਹਨ। ਸੰਸਦ ਦੇ ਉਤਲੇ ਸਦਨ ਲਈ ਪਾਰਟੀ ਦੇ ਜਰਨਲ ਸਕੱਤਰ ਹੀਰੋਸ਼ਿਗੇ ਸੇਕੋ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਆਬੇ ਨੇ ਪਾਰਟੀ ਕਾਰਜਕਾਰੀ ਅਧਿਕਾਰੀਆਂ ਤੋਂ ਕਿਹਾ ਕਿ ਹੈ ਉਹ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ। ਸੇਕੋ ਨੇ ਕਿਹਾ ਕਿ ਆਬੇ ਦਾ ਕਹਿਣਾ ਹੈ ਕਿ ਉਹ ਪ੍ਰੇਸ਼ਾਨੀ ਪੈਦਾ ਨਹੀਂ ਕਰਨ ਦੇ ਲਿਹਾਜ਼ ਨਾਲ ਅਸਤੀਫ਼ਾ ਦੇ ਰਹੇ ਹਨ।

image


ਅਗੱਸਤ ਮਹੀਨੇ ਵਿਚ ਹੀ ਆਬੇ ਨੇ ਬਤੌਰ ਪ੍ਰਧਾਨ ਮੰਤਰੀ ਸੱਤ ਸਾਲ ਛੇ ਮਹੀਨੇ ਦਾ ਸਮਾਂ ਪੂਰਾ ਕੀਤਾ ਹੈ। ਆਬੇ ਦੇਸ਼ ਦੀ ਸੱਤਾ 'ਤੇ 2803 ਦਿਨਾਂ ਤੋਂ ਸਨ। ਜਾਪਾਨੀ ਮੀਡੀਆ ਦੇ ਮੁਤਾਬਕ ਆਬੇ ਦੀ ਤਬੀਅਤ ਲਗਾਤਾਰ ਵਿਗੜਦੀ ਜਾ ਰਹੀ ਹੈ। ਇਸੇ ਕਾਰਨ ਉਹ ਕੰਮ 'ਤੇ ਧਿਆਨ ਨਹੀਂ ਦੇ ਪਾ ਰਹੇ ਹਨ। ਇਸ ਤੋਂ ਪਹਿਲਾਂ 18 ਅਗੱਸਤ ਨੂੰ ਜਦੋਂ ਆਬੇ ਨੂੰ ਹਸਪਤਾਲ ਲਿਜਾਇਆ ਗਿਆ ਸੀ। ਉਦੋਂ ਕਰੀਬ 7 ਘੰਟੇ ਤਕ ਉਹਨਾਂ ਦਾ ਚੈਕਅੱਪ ਚੱਲਦਾ ਰਿਹਾ। ਇਸ ਦੌਰਾਨ ਮੀਡੀਆ ਵਿਚ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਪਰ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਇਸ ਸਬੰਧੀ ਸਫਾਈ ਦਿਤੀ ਗਈ ਸੀ।


ਇਸ ਤੋਂ ਪਹਿਲਾਂ ਬੀਮਾਰੀ ਦੇ ਕਾਰਨ 2007 ਵਿਚ ਆਬੇ ਨੇ ਕੁਝ ਸਮਾਂ ਬ੍ਰੇਕ ਲਈ ਸੀ। ਉਦੋ ਉਹਨਾਂ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੇ ਸ਼ੁਰੂਆਤੀ ਦਿਨ ਸਨ। ਸ਼ਿੰਜ਼ੋ ਆਬੇ 2012 ਤੋਂ ਲਗਾਤਾਰ ਜਾਪਾਨ ਦੇ ਪ੍ਰਧਾਨ ਮੰਤਰੀ ਹਨ। ਇਸ ਤੋਂ ਪਹਿਲਾਂ ਉਹ 2006 ਵਿਚ ਕੁਝ ਸਮੇਂ ਲਈ ਦੇਸ਼ ਦੇ ਪੀ.ਐੱਮ. ਬਣੇ ਸਨ।ਜਾਪਾਨ ਵਿਚ ਸ਼ੁਰੂਆਤੀ ਸਮੇਂ ਵਿਚ ਕੋਰੋਨਾਵਾਇਰਸ ਦਾ ਸੰਕਟ ਰਿਹਾ ਸੀ ਪਰ ਹੁਣ ਹਾਲਾਤ ਕਾਫ਼ੀ ਹੱਦ ਤਕ ਠੀਕ ਹਨ। (ਪੀਟੀਆਈ)