ਡੇਢ ਘੰਟੇ ਦਾ ਇਜਲਾਸ ਲੋਕਤੰਤਰ ਦਾ ਮਜ਼ਾਕ : ਢਿੱਲੋਂ

ਏਜੰਸੀ

ਖ਼ਬਰਾਂ, ਪੰਜਾਬ

ਡੇਢ ਘੰਟੇ ਦਾ ਇਜਲਾਸ ਲੋਕਤੰਤਰ ਦਾ ਮਜ਼ਾਕ : ਢਿੱਲੋਂ

image

ਚੰਡੀਗੜ੍ਹ, 28 ਅਗੱਸਤ (ਜੀ.ਸੀ. ਭਾਰਦਵਾਜ) : ਪੰਜਾਬ ਵਿਧਨ ਸਭਾ ਵਿਚ 'ਆਪ' ਤੋਂ ਬਾਅਦ 14 ਵਿਧਾਇਕਾਂ ਵਾਲੀ ਵਿਰੋਧੀ ਧਿਰ ਦੇ, ਅਕਾਲੀ ਦਲ ਵਿਧਾਨਕਾਰ ਪਾਰਟੀ ਦੇ ਨੇਤਾ ਸ਼ਰਨਜੀਤ ਢਿੱਲੋਂ ਨੇ ਸੂਬੇ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਰੋਸ ਪ੍ਰਗਟ ਕੀਤਾ ਹੈ ਕਿ ਕਾਂਗਰਸ ਸਰਕਾਰ ਨੇ ਅੱਜ ਕੇਵਲ ਡੇਢ ਘੰਟੇ ਦਾ ਇਜਲਾਸ ਬੁਲਾ ਕੇ ਲੋਕਤੰਤਰ ਦਾ ਮਖੌਲ ਉਡਾਇਆ ਹੈ ਅਤੇ ਕੋਰੋਨਾ ਵਾਇਰਸ ਦੇ ਬਹਾਨੇ ਲੋਕਾਂ ਦੇ ਭਖਦੇ ਮਸਲਿਆਂ 'ਤੇ ਬਹਿਸ ਨਹੀਂ ਕਰਵਾਈ ਅਤੇ ਨਾ ਹੀ ਪ੍ਰਸ਼ਨ ਕਾਲ ਸਿਫ਼ਰ ਕਾਲ ਧਿਆਨ ਦੁਆਉ ਮਤਿਆਂ 'ਤੇ ਚਰਚਾ ਕਰਨ ਦਿਤੀ।
ਅਗਲੇ ਮਹੀਨੇ ਘਟੋ-ਘਟ 15 ਬੈਠਕਾਂ ਦਾ ਇਜਲਾਸ ਦਾ ਪ੍ਰਬੰਧ ਕਰਨ ਲਈ ਲਿਖੀ ਚਿਠੀ ਰਾਹੀਂ ਬੇਨਤੀ ਕਰਦੇ ਹੋਏ ਅਕਾਲੀ ਦਲ ਦੇ ਨੇਤਾ ਨੇ ਇਹ ਵੀ ਕਿਹਾ ਕਿ ਬੀਤੇ ਕਲ ਸਪੀਕਰ ਰਾਣਾ ਕੇਪੀ ਸਿੰਘ ਨਾਲ ਮੁਲਾਕਾਤ ਵੇਲੇ ਅਕਾਲੀ ਦਲ ਨੇ ਜਹਿਰੀਲੀ ਸ਼ਰਾਬ ਨਾਲ ਹੋਈਆਂ 130 ਮੌਤਾਂ,  5600 ਕਰੋੜ ਦੀ ਐਕਸਾਈਜ਼ ਚੋਰੀ, ਕਾਂਗਰਸੀ ਨੇਤਾਵਾਂ ਦੀਆਂ ਨਾਜਾਇਜ਼ ਡਿਸਟਿਲਰੀਆਂ, 69 ਕਰੋੜ ਦਾ ਸਕਾਲਰਸ਼ਿਪ ਘਪਲੇ ਵਰਗੇ ਮੁਦਿਆਂ 'ਤੇ ਬਹਿਸ ਦੀ ਮੰਗ ਰਖੀ ਸੀ ਪਰ ਸਪੀਕਰ ਨੇ ਉਲਟ ਇਹ ਹਦਾਇਤ ਕੀਤੀ ਕਿ ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਏ ਵਿਧਾਇਕ ਸੈਸ਼ਨ ਵਿਚ ਨਾ ਆਉਣ।
ਢਿੱਲੋਂ ਨੇ ਰਾਜਪਾਲ ਨੂੰ ਭੇਜੇ ਲਿਖਤੀ ਪੱਤਰ ਵਿਚ ਇਹ ਵੀ ਰੋਸ ਪ੍ਰਗਟ ਕੀਤਾ ਕਿ ਚੁਣੇ ਹੋਏ ਲੋਕ ਨੁਮਾਇੰਦਿਆਂ ਯਾਨੀ ਅਕਾਲੀ ਵਿਧਾਇਕਾਂ ਦੀਆਂ ਰਿਹਾਇਸ਼ਾਂ 'ਤੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਵਿਧਾਨ ਸਭਾ ਜਾਣੋਂ ਰੋਕਿਆ ਗਿਆ।
ਰੋਜ਼ਾਨਾ ਸਪੋਕਸਮੈਨ ਨਾਲ ਗਲ ਕਰਦੇ ਹੋਏ ਸਰਨਜੀਤ ਸਿਘ ਢਿੱਲੋਂ ਨੇ ਕਿਹਾ ਕਿ ਜੋ ਅਕਾਲੀ ਵਿਧਾਇਕਾਂ ਨੂੰ ਹਾਊਸ ਅੰਦਰ ਆਉਣ ਤੋਂ ਇਸ ਕਰ ਕੇ ਰੋਕਣਾ ਹੈ ਕਿ ਉਹ ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਹਨ ਤਾਂ ਫਿਰ ਇਹ ਨਿਯਮ ਤਾਂ ਸਪੀਕਰ ਰਾਣਾ ਕੇਪੀ ਸਿੰਘ 'ਤੇ ਵੀ ਢੁਕਦਾ ਹੈ ਕਿਉਂਕਿ ਉਹ ਵੀ ਤਾਂ ਪਾਜ਼ੇਟਿਵ ਕਾਂਗਰਸੀ ਮੰਤਰੀਆਂ ਵਿਧਾਇਕਾਂ ਦੇ ਸੰਪਰਕ ਵਿਚ ਰਹੇ ਹਨ।