ਮਲੋਟ ਵਿਖੇ ਭਾਰਤੀ ਕਿਸਾਨ ਯੂਨੀਅਨ ਸੰਯੁਕਤ ਮੋਰਚੇ ਨੇ

ਏਜੰਸੀ

ਖ਼ਬਰਾਂ, ਪੰਜਾਬ

ਮਲੋਟ ਵਿਖੇ ਭਾਰਤੀ ਕਿਸਾਨ ਯੂਨੀਅਨ ਸੰਯੁਕਤ ਮੋਰਚੇ ਨੇ

image

ਮਲੋਟ, 27 ਅਗੱਸਤ (ਗੁਰਮੀਤ ਸਿੰਘ ਮੱਕੜ) : ਭਾਰਤੀ ਕਿਸਾਨ ਯੂਨੀਅਨ ਸੰਯੁਕਤ ਮੋਰਚੇ ਵਲੋਂ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਵਿਸ਼ਾਲ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਵਿਸ਼ਾਲ ਕਾਨਫ਼ਰੰਸ ਵਿਚ ਮਲੋਟ ਦੇ ਹਲਕੇ ਦੇ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਸ਼ਾਮਲ ਹੋਈਆਂ। ਇਸ ਮੌਕੇ ’ਤੇ ਲੋਕ ਗਾਇਕ ਹਰਿੰਦਰ ਸੰਧੂ ਨੇ ਵੀ ਆਪਣੇ ਕਿਸਾਨੀ ਸਬੰਧੀ ਗੀਤਾਂ ਨਾਲ ਕਿਸਾਨਾਂ ਦਾ ਮਨੋਰੰਜਨ ਕੀਤਾ। 
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅੱਜ ਕਿਸਾਨੀ ਸੰਘਰਸ਼ ਨੂੰ 9 ਮਹੀਨੇ ਪੂਰੇ ਹੋ ਗਏ ਹਨ ਅਤੇ ਦਿੱਲੀ ਵਿਖੇ ਕਿਸਾਨੀ ਸੰਘਰਸ਼ ਪੂਰੀ ਚੜ੍ਹਦੀ ਕਲਾ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦਾ ਬਹੁਤ ਵੱਡਾ ਪ੍ਰਭਾਵ ਪਿਛਲੇ ਸਮੇਂ ਵਿਚ ਵੇਖਣ ਨੂੰ ਮਿਲਿਆ ਹੈ ਕਿ ਇਸ ਸੰਘਰਸ਼ ਨੇ ਹੀ ਪੱਛਮੀ ਬੰਗਾਲ ਵਿਚ ਭਾਜਪਾ ਨੂੰ ਹਰਾਇਆ ਹੈ ਅਤੇ ਭਾਜਪਾ ਦੀ ਲੋਕਪ੍ਰਿਅਤਾ ਵੀ ਬਹੁਤ ਘੱਟ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਹ ਯੂ.ਪੀ. ਦੀਆਂ ਚੋਣਾਂ ਵਿਚ ਭਾਜਪਾ ਵਿਰੁਧ ਉਤਰਨਗੇ, ਜਿਸ ਦੇ ਲਈ ਉਨ੍ਹਾਂ ਵਲੋਂ ਇਹ ਵੱਡੀਆਂ ਮਹਾਂਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ।  ਉਨ੍ਹਾਂ ਕਿਹਾ ਕਿ ਸੰਘਰਸ਼ ਦੇ 9 ਮਹੀਨੇ ਉਨ੍ਹਾਂ ਦੀ ਪ੍ਰੀਖਿਆ ਸੀ, ਜਿਸ ਵਿਚੋਂ ਉਹ ਪਾਸ ਹੋ ਕੇ ਨਿਕਲੇ ਹਨ ਅਤੇ ਇਸ ਸੰਘਰਸ਼ ਦੌਰਾਨ ਬਹੁਤ ਸਾਰੇ ਕਿਸਾਨਾਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਬਹੁਤ ਕੁੱਝ ਝੱਲਿਆ ਹੈ, ਪ੍ਰੰਤੂ ਫ਼ਿਰ ਵੀ ਮਜ਼ਬੂਤ ਹੋ ਕੇ ਡਟੇ ਖੜੇ ਹਨ ਅਤੇ ਜਿੱਤ ਹਾਸਲ ਕਰ ਕੇ ਹੀ ਦਮ ਲੈਣਗੇ। 2022 ਦੀਆਂ ਚੋਣਾਂ ਬਾਰੇ ਪੁੱਛੇ ਸਵਾਲ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਅਤੇ 2022 ਦੀਆਂ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ, ਉਹ ਸਿਰਫ਼ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਬਾਰੇ ਸੋਚ ਰਹੇ ਹਨ ਅਤੇ ਉਸ ’ਤੇ ਹੀ ਲੜਾਈ ਲੜੀ ਜਾ ਰਹੀ ਹੈ ਅਤੇ ਜੋ ਲੋਕਾਂ ਲਈ ਐਮ.ਐਸ.ਪੀ. ਗਾਰੰਟੀ ਬਣਾਉਣ ਚੱਲੇ ਹਾਂ ਉਸ ’ਤੇ ਲੜ ਰਹੇ ਹਨ, ਸਿਰਫ਼ ਉਨ੍ਹਾਂ ਦਾ ਇਨ੍ਹਾਂ ਗੱਲਾਂ ’ਤੇ ਧਿਆਨ ਕੇਂਦਰਿਤ ਹੈ ਹੋਰ ਕਿਸੇ ਪਾਸੇ ਨਹੀਂ। 
ਕਲਾਕਾਰਾਂ ਦੇ ਰਹੇ ਵਿਰੋਧ ਦੇ ਪੁੱਛੇ ਸਵਾਲ ਵਿਚ ਉਨ੍ਹਾਂ ਕਿਹਾ ਕਿ ਕਲਾਕਾਰਾਂ ਦਾ ਵੀ ਇਸ ਸੰਘਰਸ਼ ਵਿਚ ਬਹੁਤ ਵੱਡਾ ਯੋਗਦਾਨ ਹੈ, ਇਸ ਲਈ ਕਲਾਕਾਰਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਸੰਯੁਕਤ ਮੋਰਚੇ ਨੇ ਇਸ ਤਰ੍ਹਾਂ ਦਾ ਸੱਦਾ ਦਿਤਾ ਹੈ। ਉਨ੍ਹਾਂ ਲੋਕਾਂ ਨੂੰ ਕਲਾਕਾਰਾਂ ਦਾ ਵਿਰੋਧ ਨਾ ਕਰਨ ਦੀ ਅਪੀਲ ਕੀਤੀ। 
ਫੋਟੋ ਫ਼ਾਈਲ ਨੰ. 27ਐਮਐਲਟੀ03
ਕੈਂਪਸ਼ਨ:-ਮਲੋਟ ਵਿਖੇ ਸੰਯੁਕਤ ਮੋਰਚੇ ਵਲੋਂ ਕੀਤੀ ਕਾਨਫ਼ਰੰਸ ਵਿਚ ਸ਼ਾਮਲ ਵੱਡੀ ਗਿਣਤੀ ਕਿਸਾਨ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਜੀਤ ਸਿੰਘ ਡੱਲੇਵਾਲ।    ਤਸਵੀਰ:-ਗੁਰਮੀਤ ਸਿੰਘ ਮੱਕੜ, ਮਲੋਟ।