ਆਖ਼ਰਕਾਰ ਮਾਲਵਿੰਦਰ ਮਾਲੀ ਨੇ ਸਿੱਧੂ ਦੇ ਸਲਾਹਕਾਰ ਦਾ ਅਹੁਦਾ ਛਡਿਆ

ਏਜੰਸੀ

ਖ਼ਬਰਾਂ, ਪੰਜਾਬ

ਆਖ਼ਰਕਾਰ ਮਾਲਵਿੰਦਰ ਮਾਲੀ ਨੇ ਸਿੱਧੂ ਦੇ ਸਲਾਹਕਾਰ ਦਾ ਅਹੁਦਾ ਛਡਿਆ

image

ਜਾਨ ਨੂੰ  ਖ਼ਤਰੇ ਦੀ ਗੱਲ ਵੀ ਆਖੀ

ਚੰਡੀਗੜ੍ਹ, 27 ਅਗੱਸਤ (ਭੁੱਲਰ) : ਕਸ਼ਮੀਰ ਤੇ ਤਾਲੀਬਾਨ ਬਾਰੇ ਵਿਵਾਦਤ ਬਿਆਨ ਦੇਣ ਕਾਰਨ ਚੰਹੁ ਪਾਸਿਉਂ ਵਿਰੋਧ ਦਾ ਸਾਹਮਣਾ ਕਰ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ  ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ  ਨੇ ਆਖਰ ਇਹ ਅਹੁਦਾ ਛੱਡ ਦਿਤਾ ਹੈ | ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿਤੀ ਹੈ | 
ਉਨ੍ਹਾਂ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ  ਸਲਾਹਕਾਰ ਬਣਨ ਲਈ ਦਿਤੀ ਸਹਿਮਤੀ ਵਾਪਸ ਲੈਂਦਾ ਹਾਂ | ਫ਼ੇਸਬੁੱਕ ਪੇਜ 'ਤੇ ਇਕ ਪੋਸਟ ਜਾਰੀ ਕਰਦਿਆਂ ਉਨ੍ਹਾਂ ਲਿਖਿਆ, 'ਮੈਂ ਨਿਮਰਤਾ ਸਹਿਤ ਨਵਜੋਤ ਸਿੰਘ ਸਿੱਧੂ ਨੂੰ  ਸਲਾਹ ਦੇਣ ਲਈ ਦਿਤੀ ਗਈ ਸਹਿਮਤੀ ਵਾਪਸ ਲੈਣ ਦਾ ਐਲਾਨ ਕਰਦਾ ਹਾਂ |
ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਜੇ ਮੇਰਾ ਨੁਕਸਾਨ ਹੋਇਆ ਤਾਂ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ, ਪੰਜਾਬ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਅਤੇ ਭਾਜਪਾ ਦੇ ਸੁਭਾਸ਼ ਸ਼ਰਮਾ, ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਅਤੇ ਜਰਨੈਲ ਸਿੰਘ ਜ਼ਿੰਮੇਵਾਰ ਹੋਣਗੇ |
ਫ਼ੇਸਬੁਕ ਪੋਸਟ ਵਿਚ ਉਨ੍ਹਾਂ ਇਹ ਵੀ ਲਿਖਿਆ ਕਿ ਦਿੱਲੀ ਵਾਲੀਆਂ ਹਾਈ ਕਮਾਂਡਾਂ ਤੇ ਪੰਜਾਬ ਇੰਚਾਰਜਾਂ ਲਈ ਪੰਜਾਬ ਤਾਂ ਸੋਨੇ ਦੀ ਖਾਣ ਬਣਿਆ ਹੋਇਆ ਹੈ ਤੇ ਇਹ ਅਕਸਰ ਬੱਚੇ ਖਾਣੀ ਸੱਪਣੀ ਵਰਗਾ ਰੋਲ ਨਿਭਾਉਂਦੀਆਂ ਆ ਰਹੀਆਂ ਹਨ | ਪੰਜਾਬ ਅੰਦਰ ਵੀ ਅਜਿਹੇ ਸਿਆਸਤਦਾਨਾਂ ਦੀ ਕਮੀ ਨਹੀਂ ਰਹੀ ਜਿਹੜੇ ਦਿੱਲੀ ਦੇ ਪੰਜਾਬ ਵਿਰੋਧੀ ਕੁਹਾੜੇ ਦਾ ਦਸਤਾ ਬਣਨ ਲਈ ਇਕ ਦੂਜੇ ਤੋਂ ਮੋਹਰੀ ਹੋਣ ਦੀ ਕਾਹਲ ਵਿਚ ਰਹੇ ਹਨ ਤੇ ਹੁਣ ਵੀ ਹਨ | ਪਰ ਪੰਜਾਬ ਅਪਣੇ ਸੱਚੇ ਸਪੂਤ ਦੀ ਭਾਲ ਵਿਚ ਅੱਜ ਵੀ ਦੁਬਿਧਾ ਤੇ ਭਟਕਣ ਦਾ ਸ਼ਿਕਾਰ ਹੈ |
ਬਾਦਲਕੇ ਤਾਂ ਪਾਰਟੀ, ਪੰਜਾਬ ਤੇ ਦਿੱਲੀ ਵਾਲੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਉਪਰ ਪਰਵਾਰਕ ਕਬਜ਼ਾ ਕਰ ਕੇ ਸਮੁੰਦਰੀ ਡਾਕੂ ਬਣੇ ਹੀ ਹੋਏ ਹਨ | ਆਮ ਆਦਮੀ ਪਾਰਟੀ ਦਾ ਤਜਰਬਾ ਤਾਂ ਤੁਹਾਡੇ ਸਾਹਮਣੇ ਹੀ ਹੈ ਤੇ ਕਾਂਗਰਸ ਪਾਰਟੀ ਬਾਰੇ ਅਜਿਹੇ ਰੌਂਗਟੇ ਖੜੇ ਕਰਨ ਵਾਲੇ ਤੱਥ ਜੱਗ-ਜ਼ਾਹਰ ਹਨ ਤੇ ਕਈਆਂ ਦਾ ਮੈਂ ਸੁਲਤਾਨੀ ਗਵਾਹ ਹਾਂ, ਜੋ ਆਉਣ ਵਾਲੇ ਦਿਨਾਂ ਵਿਚ ਮੈਂ ਨਸ਼ਰ ਕਰਦਾ ਰਹਾਂਗਾ |