ਗੁਰਦਾਸ ਮਾਨ ਦੇ ਹੱਕ ਵਿਚ ਆਏ ਵਿਧਾਇਕ ਰਾਜਾ ਵੜਿੰਗ

ਏਜੰਸੀ

ਖ਼ਬਰਾਂ, ਪੰਜਾਬ

ਗੁਰਦਾਸ ਮਾਨ ਦੇ ਹੱਕ ਵਿਚ ਆਏ ਵਿਧਾਇਕ ਰਾਜਾ ਵੜਿੰਗ

image

ਚੰਡੀਗੜ੍ਹ, 27 ਅਗੱਸਤ (ਸ.ਸ.ਸ.) :  ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਹੱਕ ਵਿਚ ਅੱਗੇ ਆਏ ਹਨ | ਰਾਜਾ ਵੜਿੰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ  ਅਪੀਲ ਕੀਤੀ ਹੈ ਕਿ ਗੁਰਦਾਸ ਮਾਨ 'ਤੇ ਦਰਜ ਪਰਚਾ ਰੱਦ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਧਰਨਿਆਂ ਦੇ ਦਬਾਅ ਥੱਲੇ ਪਰਚੇ ਦਰਜ ਕਰਨ ਦੀ ਪਿਰਤ ਗ਼ਲਤ ਹੈ |
ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਿਖੇਧੀ ਕਰਦਿਆਂ ਕਿਹਾ ਕਿ ਅਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਪੰਜਾਬ ਪੁਲਿਸ ਦਿਨਕਰ ਗੁਪਤਾ ਨੂੰ  ਮਿਲ ਕੇ ਪਰਚਾ ਰੱਦ ਕਰਵਾਵਾਂਗੇ | ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੇ ਹਮੇਸ਼ਾ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਹੈ ਅਤੇ ਪੂਰੀ ਦੁਨੀਆਂ ਅੰਦਰ ਪੰਜਾਬੀ ਬੋਲੀ ਦਾ ਪ੍ਰਚਾਰ ਕਰਨ ਵਿਚ ਸੱਭ ਤੋਂ ਵੱਡਾ ਯੋਗਦਾਨ ਰਿਹਾ ਹੈ | 
ਜ਼ਿਕਰਯੋਗ ਹੈ ਕਿ ਗੁਰਦਾਸ ਮਾਨ ਵਲੋਂ ਲਾਡੀ ਸ਼ਾਹ ਨੂੰ  ਗੁਰੂ ਅਮਰਦਾਸ ਜੀ ਦਾ ਵੰਸ਼ ਦੱਸਣ 'ਤੇ ਸਿੱਖ ਜਥੇਬੰਦੀਆਂ ਨੇ ਵਿਰੋਧ ਪ੍ਰਗਟਾਇਆ ਸੀ | ਧਾਰਮਕ ਭਾਵਨਾਵਾਂ ਭੜਕਾਉਣ ਵਿਰੁਧ ਥਾਣਾ ਨਕੋਦਰ 'ਚ ਗੁਰਦਾਸ ਮਾਨ 'ਤੇ ਪਰਚਾ ਦਰਜ ਹੋਇਆ ਸੀ | ਹਾਲਾਂਕਿ ਗੁਰਦਾਸ ਮਾਨ ਨੇ ਇਸ ਤੋਂ ਪਹਿਲਾਂ ਹੀ ਮੁਆਫ਼ੀ ਵੀ ਮੰਗ ਲਈ ਸੀ |