ਆਟੋ ਚਾਲਕ ਨੇ ਲੋਕਾਂ ਸਮੇਤ ਪੁਲਿਸ ਟੀਮ 'ਤੇ ਕੁਹਾੜੀ ਨਾਲ ਕੀਤਾ ਹਮਲਾ

ਏਜੰਸੀ

ਖ਼ਬਰਾਂ, ਪੰਜਾਬ

ਆਟੋ ਚਾਲਕ ਨੇ ਲੋਕਾਂ ਸਮੇਤ ਪੁਲਿਸ ਟੀਮ 'ਤੇ ਕੁਹਾੜੀ ਨਾਲ ਕੀਤਾ ਹਮਲਾ

image

ਪਟਿਆਲਾ, 27 ਅਗੱਸਤ (ਅਵਤਾਰ ਸਿੰਘ ਗਿੱਲ) : ਅੱਜ ਸਵੇਰੇ ਪਟਿਆਲਾ ਵਿਚ ਗੁਰੂ ਨਾਨਕ ਨਗਰ ਤੋਂ ਲੈ ਕੇ ਅਰਬਨ ਅਸਟੇਟ ਪਟਿਆਲਾ ਤਕ ਉਦੋਂ ਹਾਹਾਕਾਰ ਦਾ ਮਾਹੌਲ ਬਣ ਗਿਆ, ਜਦੋਂ ਇਕ ਸਿਰਫਿਰੇ ਆਟੋ ਚਾਲਕ ਨੇ ਗੁੱਸੇ ਵਿਚ ਆਪੇ ਤੋਂ ਬਾਹਰ ਹੋ ਕੇ ਕਈ ਲੋਕਾਂ 'ਤੇ ਟਕੂਏ (ਕੁਹਾੜੀ) ਨਾਲ ਵਾਰ ਕਰ ਕਈ ਲੋਕ ਜ਼ਖ਼ਮੀ ਕਰ ਦਿਤੇ ਅਤੇ ਕਾਬੂ ਕਰਨ ਪਹੁੰਚੀ ਪੁਲਿਸ ਦੇ 2 ਮੁਲਾਜ਼ਮਾਂ ਦੇ ਵੀ ਸੱਟਾਂ ਤਾਂ ਲੱਗੀਆਂ ਹੀ ਨਾਲ ਪੱਗਾਂ ਵੀ ਲੱਥ ਗਈਆਂ | ਬੇਸ਼ੱਕ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਡਾਂਗਾ ਚਲਾ ਇਸ ਸਿਰਫਿਰੇ ਨੂੰ  ਧਰ ਦਬੋਚਿਆ ਪਰ ਇਸ ਤੋਂ ਬਾਅਦ ਵੀ ਰੱਸਿਆਂ ਨਾਲ ਬੰਨ੍ਹਣ 'ਤੇ ਵੀ ਆਟੋ ਚਾਲਕ ਲਗਾਤਾਰ ਵਿਰੋਧ ਕਰਦਾ ਰਿਹਾ |
ਗੁਰੂ ਨਾਨਕ ਨਗਰ ਗਲੀ ਨੰ: 18 'ਚ ਆਟੋ ਖੜਾ ਕਰਨ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਗੁੱਸੇ ਵਿਚ ਆਪਾ ਖੋਹ ਬੈਠੇ ਸੁਖਵਿੰਦਰ ਸਿੰਘ ਨਾਮ ਦੇ ਆਟੋ ਚਾਲਕ ਵਲੋਂ ਟਕੂਏ ਨਾਲ ਕਈਆਂ 'ਤੇ ਹਮਲਾ ਕਰ ਦਿਤਾ ਅਤੇ ਕੁਹਾੜੀ ਲੈ ਕੇ ਸੜਕ 'ਤੇ ਚਲ ਪਿਆ ਅਤੇ ਜੋ ਵੀ ਸਾਹਮਣੇ ਆਉਣ ਲੱਗਾ, ਉਸੇ ਉਤੇ ਹਮਲਾਵਰ ਰੁਖ਼ ਅਖਤਿਆਰ ਕਰਨ ਲੱਗਾ ਜਿਸ ਤੋਂ ਬਾਅਦ ਇਹ ਚੋਰਾ ਪਿੰਡ ਵਲ ਹੁੰਦੇ ਹੋਏ ਅਰਬਨ ਅਸਟੇਟ ਵਲ ਵਧਣ ਲੱਗਾ | ਇਸ ਦੇ ਲੋਕਾਂ 'ਤੇ ਹਮਲੇ ਤੋਂ ਬਾਅਦ ਬਹੁਤ ਸਾਰੇ ਲੋਕ ਤਮਾਸ਼ਬੀਨ ਬਣ ਇਸ ਦੇ ਅੱਗੇ ਪਿੱਛੇ ਚਲਣ ਲੱਗੇ ਅਤੇ ਇਸ ਨੂੰ  ਕਾਬੂ ਕਰਨ ਦੀ ਕੋਸ਼ਿਸ਼ ਕਰਨ ਲੱਗੇ ਪਰ ਇਹ ਕਿਸੇ ਦੇ ਕਾਬੂ ਨਹੀਂ ਆਇਆ | ਸਥਿਤੀ ਵਿਗੜਦੀ ਦੇਖ ਲੋਕਾਂ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ  ਦਿਤੀ ਗਈ ਅਤੇ ਇਸ 'ਤੇ ਤੁਰਤ ਕਾਰਵਾਈ ਕਰਦਿਆਂ ਥਾਣਾ ਲਾਹੌਰੀ ਗੇਟ ਡਵੀਜ਼ਨ ਨੰਬਰ 4 ਦੀ ਪੁਲਿਸ ਟੁਕੜੀ ਤੁਰਤ ਥਾਣੇ ਤੋਂ ਰਵਾਨਾ ਕੀਤੀ ਗਈ ਜਿਸ ਨੂੰ  ਬਕਾਇਦਾ ਰੱਸੇ ਬਗ਼ੈਰਾ ਦੇ ਕੇ ਭੇਜਿਆ ਗਿਆ ਤਾਂ ਜੋ ਇਸ ਸਿਰਫਿਰੇ ਨੂੰ  ਕਾਬੂ ਕੀਤਾ ਜਾ ਸਕੇ, ਕਿਉਂਕਿ ਲੋਕਾਂ ਵਲੋਂ ਸਾਰੀ ਸਥਿਤੀ ਪੁਲਿਸ ਨੂੰ  ਦੱਸ ਦਿਤੀ ਗਈ ਸੀ ਪਰ ਇਸ ਸਿਰਫਿਰੇ ਨੂੰ  ਕਾਬੂ ਕਰਨ ਲਈ ਮੌਕੇ 'ਤੇ ਪਹੁੰਚੀ ਪੁਲਿਸ ਟੀਮ 'ਤੇ ਵੀ ਇਸ ਵਲੋਂ ਟਕੂਏ ਨਾਲ ਹਮਲਾ ਕਰ ਦਿਤਾ ਗਿਆ, ਜਿਥੇ 2 ਪੁਲਿਸ ਮੁਲਾਜ਼ਮਾਂ ਦੇ ਸੱਟਾਂ ਤਾਂ ਲੱਗੀਆਂ ਹੀ ਨਾਲ ਹੀ ਉਨ੍ਹਾਂ ਦੀਆਂ ਪੱਗਾਂ ਵੀ ਲੱਥ ਗਈਆਂ | ਭਾਰੀ ਮੁਸ਼ੱਕਤ ਤੇ ਲੋਕਾਂ ਦੀ ਮਦਦ ਨਾਲ ਪੁਲਿਸ ਟੀਮ ਵਲੋਂ ਲੰਮੀਆਂ ਡਾਂਗਾ ਨਾਲ ਜਦੋਂ ਇਸ ਨੂੰ  ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਆਟੋ ਚਾਲਕ ਪੁਲਿਸ ਮੁਲਾਜ਼ਮਾਂ ਨੂੰ  ਵੀ ਟਕੂਆ ਲੈ ਕੇ ਮਾਰਨ ਪੈ ਗਿਆ | ਇਸ ਸਿਰਫਿਰੇ ਆਟੋ ਚਾਲਕ ਨੂੰ  ਕਾਬੂ ਕਰਨ ਤੋਂ ਬਾਅਦ ਬਣਦੀ ਹੱਦਬੰਦੀ ਮੁਤਾਬਕ ਲਾਹੋਰੀ ਗੇਟ ਪੁਲਿਸ ਨੇ ਇਸ ਨੂੰ  ਸਬੰਧਤ ਥਾਣਾ ਅਰਬਨ ਅਸਟੇਟ ਪੁਲਿਸ ਦੇ ਹਵਾਲੇ ਕਰ ਦਿਤਾ ਜਿਸ ਤੋਂ ਬਾਅਦ ਅਰਬਨ ਅਸਟੇਟ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿਤੀ ਹੈ | 

ਫੋਟੋ ਨੰ: 27 ਪੀਏਟੀ 20
ਕੁਹਾੜੀ ਹੱਥ ਵਿਚ ਫੜ ਕੇ ਪੁਲਿਸ ਨੂੰ  ਲਲਕਾਰਦਾ ਸਿਰਫਿਰਾ ਅਤੇ ਨਾਲ ਰੱਸੀਆਂ ਨਾਲ ਬੰਨ੍ਹ ਕੇ ਗੱਡੀ ਬਿਠਾਉਂਦੇ ਪੁਲਿਸ ਮੁਲਾਜ਼ਮ | ਫ਼ੋਟੋ : ਅਜੇ