ਨੌਜਵਾਨ ਸਾਡਾ ਭਵਿੱਖ ਅਤੇ ਸੂਬੇ ਦੀ ਅਸਲ ਤਾਕਤ : ਮੁੱਖ

ਏਜੰਸੀ

ਖ਼ਬਰਾਂ, ਪੰਜਾਬ

ਨੌਜਵਾਨ ਸਾਡਾ ਭਵਿੱਖ ਅਤੇ ਸੂਬੇ ਦੀ ਅਸਲ ਤਾਕਤ : ਮੁੱਖ

image

ਚੰਡੀਗੜ੍ਹ, 27 ਅਗੱਸਤ (ਨਰਿੰਦਰ ਸਿੰਘ ਝਾਂਮਪੁਰ): ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਇਥੇ ਕਿਹਾ,‘‘ਅੱਜ ਦੇ ਨੌਜਵਾਨ ਸਾਡਾ ਭਵਿੱਖ ਅਤੇ ਸੂਬੇ ਦੀ ਅਸਲ ਤਾਕਤ ਹਨ। 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਵਧੇਰੇ ਮਜ਼ਬੂਤ ਅਤੇ ਖ਼ੁਸ਼ਹਾਲ ਬਣਾਉਣ ਲਈ ਨੌਜਵਾਨਾਂ ਨੂੰ ਹੋਰ ਸਮਰੱਥ ਬਣਾਉਣ ਲਈ ਵਚਨਬੱਧ ਹੈ।’’
ਉਹ ਪੰਜਾਬ ਸਰਕਾਰ, ਯੂਨੀਸੈਫ ਅਤੇ ਯੁਵਾ (ਜਨਰੇਸ਼ਨ ਅਨਲਿਮਟਿਡ ਇੰਡੀਆ) ਦੀ ਸਾਂਝੀ ਪਹਿਲਕਦਮੀ ‘ਪੰਜਾਬ ਦਾ ਮਾਣ’ ਪੋ੍ਰਗਰਾਮ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਕਰਵਾਏ ਗਏ ਵਰਚੁਅਲ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ‘ਪੰਜਾਬ ਦਾ ਮਾਣ’ ਪ੍ਰੋਗਰਾਮ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨਾ ਹੈ ਤਾਂ ਜੋ ਸੁਪਨਿਆਂ ਅਤੇ ਖਾਹਿਸ਼ਾਂ ਨੂੰ ਸਾਕਾਰ ਕਰਨ ਵਿਚ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ ਜਿਸ ਨਾਲ ਉਹ ਅਪਣੇ ਭਾਈਚਾਰਿਆਂ ਵਿਚ ਹਾਂ-ਪੱਖੀ ਬਦਲਾਅ ਦੇ ਆਗੂ ਬਣ ਸਕਣ ਅਤੇ ਹੋਰ ਨੌਜਵਾਨਾਂ ਦੀ ਸਹਾਇਤਾ ਕਰ ਸਕਣ। 
ਉਨ੍ਹਾਂ ਕਿਹਾ ਕਿ ਨੌਜਵਾਨ ਅਪਣੇ ਜੀਵਨ ਨੂੰ ਪ੍ਰਭਾਵਤ ਕਰਨ ਵਾਲੇ ਫ਼ੈਸਲਿਆਂ ਅਤੇ ਨੀਤੀਆਂ ਵਿਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਇਸ ਆਨਲਾਈਨ ਸਮਾਗਮ ਦੌਰਾਨ ‘ਪੰਜਾਬ ਦਾ ਮਾਣ’ ਪ੍ਰੋਗਰਾਮ ਤਹਿਤ ਨਾਗਰਿਕ ਕਾਰਜਾਂ ਵਿਚ ਬਿਹਤਰੀਨ ਸਰਗਰਮ ਭੂਮਿਕਾ ਨਿਭਾਉਣ ਵਾਲੇ 27 ਨੌਜਵਾਨਾਂ ਦਾ ਸਨਮਾਨ ਕੀਤਾ ਗਿਆ ਤਾਂ ਜੋ ਉਨ੍ਹਾਂ ਨੂੰ ਸਮਾਜ ਭਲਾਈ ਦੇ ਹੋਰ ਚੰਗੇ ਕਾਰਜਾਂ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਬਾਕੀ ਲੋਕਾਂ ਵਿਚ ਮਿਸਾਲੀ ਨੌਜਵਾਨਾਂ ਵਜੋਂ ਪੇਸ਼ ਕੀਤਾ ਜਾ ਸਕੇ। 
ਅੰਮ੍ਰਿਤਸਰ ਦੇ ਇਕ ਨੌਜਵਾਨ ਆਗੂ ਕਰਨਦੀਪ (21) ਜੋ ਅਪਣੇ ਪਿੰਡ ਦੇ ਇਕ ਯੂਥ ਕਲੱਬ ਦੀ ਅਗਵਾਈ ਕਰਦਾ ਹੈ, ਨੇ ਸਫ਼ਾਈ ਅਤੇ ਪੌਦੇ ਲਗਾਉਣ ਦੀਆਂ ਮੁਹਿੰਮਾਂ ਦੀ ਅਗਵਾਈ ਕਰਨ ਲਈ ਅਤੇ ਕੋਵਿਡ ਦੀ ਦੂਜੀ ਲਹਿਰ ਦੇ ਦੌਰਾਨ ਸੰਕਟ ਰਾਹਤ ਕਾਰਜਾਂ ਵਿਚ ਯੋਗਦਾਨ ਪਾਉਣ ਬਾਰੇ ਅਪਣੇ ਪਿੰਡ ਦੇ ਨੌਜਵਾਨਾਂ ਨੂੰ ਲਾਮਬੰਦ ਕਰਨ ਸਬੰਧੀ ਗੱਲ ਕੀਤੀ।
ਪਰਵੀਨ (21) ਨੇ ਇਸ ਗੱਲ ’ਤੇ ਚਰਚਾ ਕੀਤੀ ਕਿ ਨਾਗਰਿਕ ਮੁੱਦਿਆਂ ਨੂੰ ਸੁਲਝਾਉਣਾ ਕਿੰਨਾ ਮਹੱਤਵਪੂਰਣ ਹੈ ਅਤੇ ਕਿਵੇਂ ਉਸ ਨੇ ਅਪਣੇ ਸਮਾਜ ਵਿਚ ਕੂੜੇ ਦੇ ਪ੍ਰਬੰਧਨ ਅਤੇ ਸਵੱਛਤਾ ਵਿਚ ਯੋਗਦਾਨ ਪਾਉਣ ਤੋਂ ਇਲਾਵਾ ਅਪਣੇ ਪਿੰਡ ਵਿਚ ਲਗਭਗ 20 ਸਟਰੀਟ ਲਾਈਟਾਂ ਦੀ ਮੁਰੰਮਤ ਅਤੇ ਸਾਂਭ ਸੰਭਾਲ ਲਈ ਕੰਮ ਕੀਤਾ।
ਐਸਏਐਸ-ਨਰਿੰਦਰ-27-2ਏ