ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਬੰਦ ਕਰਵਾਉਣਾ ਚਾਹੁੰਦੀ ਹੈ ਭਾਜਪਾ : ਮਨੀਸ਼ ਸਿਸੋਦੀਆ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਬੰਦ ਕਰਵਾਉਣਾ ਚਾਹੁੰਦੀ ਹੈ ਭਾਜਪਾ : ਮਨੀਸ਼ ਸਿਸੋਦੀਆ

image

ਨਵੀਂ ਦਿੱਲੀ, 27 ਅਗੱਸਤ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਸਰਕਾਰ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ  ਬੰਦ ਕਰਾਉਣਾ ਚਾਹੁੰਦੀ ਹੈ | ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿਸੋਦੀਆ ਨੇ ਕਿਹਾ, ''ਦੇਸ਼ ਵਿਚ 2014 ਤੋਂ ਭਾਜਪਾ ਦੀ ਸਰਕਾਰ ਹੈ | ਤੁਸੀਂ ਪਤਾ ਕਰ ਲਉ ਕਿ ਇਸ ਦੌਰਾਨ ਉਸ ਨੇ ਕਈ ਸਰਕਾਰੀ ਸਕੂਲ ਬੰਦ ਕਰਵਾ ਦਿਤੇ | ਇਸ ਦੇ ਨਾਲ ਹੀ ਕਈ ਪ੍ਰਾਈਵੇਟ ਸਕੂਲ ਵੀ ਖੁਲ੍ਹ ਗਏ | ਇਹੀ ਕਾਰਨ ਹੈ ਕਿ ਹੁਣ ਉਹ ਦਿੱਲੀ ਦੇ ਸਕੂਲਾਂ ਵਿਚ ਭਿ੍ਸ਼ਟਾਚਾਰ ਦੀ ਗੱਲ ਕਰ ਰਹੀ ਹੈ | ਉਨ੍ਹਾਂ ਦੀਆਂ ਸਾਰੀਆਂ ਗੱਲਾਂ ਝੂਠੀਆਂ ਹਨ |
ਉਪ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਮੇਰੇ ਖ਼ਿਲਾਫ਼ ਐਫ਼ਆਈਆਰ ਦਰਜ ਕਰ ਕੇ ਸਰਕਾਰੀ ਸਕੂਲ ਬੰਦ ਕਰਨ ਦਾ ਮਿਸ਼ਨ ਵਧਾਉਣਾ ਚਾਹੁੰਦੀ ਹੈ | ਸਿਸੋਦੀਆ ਨੇ ਦਸਿਆ ਕਿ 2015 ਤੋਂ 2021 ਤਕ ਦੇ ਅੰਕੜਿਆਂ ਮੁਤਾਬਕ ਦੇਸ਼ ਭਰ ਦੇ 72 ਹਜ਼ਾਰ 747 ਸਰਕਾਰੀ ਸਕੂਲਾਂ ਨੂੰ  ਕੇਂਦਰ ਅਤੇ ਭਾਜਪਾ ਸਰਕਾਰ ਨੇ ਬੰਦ ਕਰਵਾ ਦਿਤਾ ਹੈ |
 ਸਿਸੋਦੀਆ ਨੇ ਅੱਗੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਬਹੁਤ ਵਧੀਆ ਕੰਮ ਕੀਤਾ ਗਿਆ ਹੈ ਪਰ ਕੇਂਦਰ ਵਿਚ ਬੈਠੀ ਮੋਦੀ ਸਰਕਾਰ ਅਤੇ ਭਾਜਪਾ ਚਾਹੁੰਦੀ ਹੈ ਕਿ ਇਹ ਸਕੂਲ ਬੰਦ ਹੋਣ ਤਾਂ ਜੋ ਬੱਚਿਆਂ ਨੂੰ  ਮਜਬੂਰੀ ਵਿਚ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨਾ ਪਵੇ |
ਸਿਸੋਦੀਆ ਨੇ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਘਰ 'ਤੇ ਪਏ ਸੀਬੀਆਈ ਦੇ ਛਾਪੇ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਸੀਬੀਆਈ ਨੇ ਮੇਰੇ ਘਰ ਛਾਪਾ ਮਾਰਿਆ | ਅੱਜ 10 ਦਿਨ ਹੋ ਗਏ ਹਨ, ਪਰ ਇਹ ਨਹੀਂ ਦਸ ਸਕੇ ਕਿ ਉਨ੍ਹਾਂ ਨੂੰ  ਮੇਰੇ ਘਰੋਂ ਕੀ ਮਿਲਿਆ | ਉਨ੍ਹਾਂ ਕਿਹਾ ਕਿ ਪਹਿਲਾਂ ਭਾਜਪਾ ਨੇ ਸ਼ਰਾਬ ਘਪਲੇ ਦੇ ਇਲਜ਼ਾਮ ਲਗਾਏ, ਪਰ ਜਦੋਂ ਇਸ ਵਿਚ ਕੱੁਝ ਨਹੀਂ ਮਿਲਿਆ ਤਾਂ ਹੁਣ ਉਹ ਸਕੂਲਾਂ 'ਚ ਭਿ੍ਸ਼ਟਾਚਾਰ ਦੀਆਂ ਗੱਲਾਂ ਕਰ ਰਹੇ ਹਨ | ਉਨ੍ਹਾਂ ਦੀਆਂ ਸਾਰੀਆਂ ਗੱਲਾਂ ਝੂਠੀਆਂ ਹਨ |              (ਏਜੰਸੀ)