ਨਸ਼ਿਆਂ ਵਿਰੁੱਧ ਜੰਗ ਜਾਰੀ: ਪੰਜਾਬ ਪੁਲਿਸ ਵੱਲੋਂ ਗੁਜਰਾਤ ਤੋਂ ਪੰਜਾਬ ਲਿਆਂਦੀ ਜਾ ਰਹੀ 38 ਕਿਲੋ ਹੈਰੋਇਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਰੱਕ ਦੇ ਟੂਲ ਬਾਕਸ 'ਚ ਲੁਕਾ ਕੇ ਰੱਖੇ ਗਏ ਸਨ ਹੈਰੋਇਨ ਦੇ ਪੈਕੇਟ

photo

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਜਾਰੀ ਜੰਗ ਦੌਰਾਨ ਪੰਜਾਬ ਪੁਲਿਸ ਨੂੰ ਅੱਜ ਉਦੋਂ ਇੱਕ ਹੋਰ ਵੱਡੀ ਸਫਲਤਾ ਮਿਲੀ ਜਦੋਂ ਐਸ.ਬੀ.ਐਸ.ਨਗਰ ਪੁਲਿਸ ਨੇ ਗੁਜਰਾਤ ਤੋਂ ਆ ਰਹੇ ਇੱਕ ਟਰੱਕ ਦੇ ਟੂਲ ਬਾਕਸ ਵਿੱਚ ਲੁਕਾ ਕੇ ਰੱਖੀ ਹੋਈ 38 ਕਿਲੋ ਹੈਰੋਇਨ ਬਰਾਮਦ ਕੀਤੀ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ।

 

ਡੀਜੀਪੀ ਨੇ ਦੱਸਿਆ ਕਿ ਪੁਲਿਸ ਨੇ ਬਲਾਚੌਰ, ਐਸ.ਬੀ.ਐਸ.ਨਗਰ ਦੇ ਰਹਿਣ ਵਾਲੇ ਟਰੱਕ ਡਰਾਈਵਰ ਕੁਲਵਿੰਦਰ ਰਾਮ ਉਰਫ਼ ਕਿੰਦਾ ਅਤੇ ਉਸ ਦੇ ਸਾਥੀ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਦੋ ਨਸ਼ਾ ਤਸਕਰਾਂ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਵਾਸੀ ਰਾਕਰਾਂ ਢਾਹਾਂ ਅਤੇ ਸੋਮ ਨਾਥ ਉਰਫ਼ ਬਿੱਕੋ ਵਾਸੀ ਕਾਰਾਵਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਪੁਲਿਸ ਨੇ ਰਜਿਸਟ੍ਰੇਸ਼ਨ ਨੰਬਰ ਪੀਬੀ04ਵੀ6366 ਵਾਲੇ ਟਰੱਕ ਨੂੰ ਵੀ ਜ਼ਬਤ ਕਰ ਲਿਆ ਹੈ।

 

 ਆਈ.ਜੀ.ਪੀ ਲੁਧਿਆਣਾ ਰੇਂਜ ਸੁਰਿੰਦਰ ਪਾਲ ਸਿੰਘ ਪਰਮਾਰ, ਜਿਨ੍ਹਾਂ ਨਾਲ ਐਸ.ਬੀ.ਐਸ.ਨਗਰ ਦੇ ਐਸ.ਐਸ.ਪੀ. ਭਾਗੀਰਥ ਮੀਨਾ ਵੀ ਮੌਜੂਦ ਸਨ, ਨੇ ਐਸ.ਬੀ.ਐਸ.ਨਗਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜੇਸ਼ ਕੁਮਾਰ ਨਾਮ ਦਾ ਨਸ਼ਾ ਤਸਕਰ ਆਪਣੇ ਸਾਥੀਆਂ ਸੋਮ ਨਾਥ ਬਿੱਕੋ, ਕੁਲਵਿੰਦਰ ਕਿੰਦਾ ਅਤੇ ਬਿੱਟੂ ਨਾਲ ਮਿਲ ਕੇ ਟਰੱਕ ਰਾਹੀਂ ਦੂਜੇ ਰਾਜਾਂ ਤੋਂ ਨਸ਼ਾ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਵੱਡੀ ਮਾਤਰਾ 'ਚ ਹੈਰੋਇਨ ਸਪਲਾਈ ਕਰਨ ਦੇ ਧੰਦੇ ਵਿੱਚ ਸ਼ਾਮਲ ਹੈ।

ਇਸ ਸਬੰਧੀ ਸੂਚਨਾ ਮਿਲਣ 'ਤੇ ਪੁਲਿਸ ਵੱਲੋਂ ਤੁਰੰਤ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਐੱਨ.ਡੀ.ਪੀ.ਐੱਸ.ਐਕਟ ਦੀਆਂ ਧਾਰਾਵਾਂ 21/25/28-61-85 ਤਹਿਤ ਐਫ.ਆਈ.ਆਰ. ਨੰ 138 ਮਿਤੀ 27-08-2022 ਦਰਜ ਕਰਕੇ ਐਸ.ਬੀ.ਐਸ.ਨਗਰ ਵਿੱਚ ਮਹਾਲੋਂ ਬਾਈਪਾਸ ਵਿਖੇ ਰਣਜੀਤ ਸਿੰਘ ਪੀ.ਪੀ.ਐਸ ਅਤੇ ਐਸ.ਆਈ ਸੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਵਿਸ਼ੇਸ਼ ਨਾਕਾਬੰਦੀ ਕੀਤੀ ਗਈ।

ਨਾਕਾਬੰਦੀ ਦੌਰਾਨ ਜਦੋਂ ਪੁਲੀਸ ਪਾਰਟੀ ਨੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਚਾਲਕ ਕੁਲਵਿੰਦਰ ਕਿੰਦਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਪਾਰਟੀ ਨੇ ਉਸ ਨੂੰ ਅਤੇ ਬਿੱਟੂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਤਰਪਾਲ ਵਿੱਚ ਲਪੇਟ ਕੇ ਇੱਕ ਟੂਲ ਬਾਕਸ ਵਿੱਚ ਲੁਕਾ ਕੇ ਰੱਖੇ 38 ਕਿਲੋ ਹੈਰੋਇਨ ਦੇ ਪੈਕਟ ਬਰਾਮਦ ਕੀਤੇ। ਐਸਐਸਪੀ ਭਾਗੀਰਥ ਮੀਨਾ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਟਰੱਕ ਡਰਾਈਵਰ ਕੁਲਵਿੰਦਰ ਕਿੰਦਾ ਨੇ ਦੱਸਿਆ ਕਿ ਉਸ ਨੂੰ ਟੈਲੀਗ੍ਰਾਮ ਐਪ ਰਾਹੀਂ ਰਾਜੇਸ਼ ਕੁਮਾਰ ਦਾ ਫੋਨ ਆਇਆ ਸੀ, ਜਿਸ ਨੇ ਉਸ ਨੂੰ ਗੁਜਰਾਤ ਦੇ ਭੁਜ ਵਿੱਚ ਦੱਸੀ ਗਈ ਥਾਂ ਤੋਂ ਹੈਰੋਇਨ ਫੜ੍ਹ ਕੇ ਪੰਜਾਬ ਲਿਆਉਣ ਲਈ ਕਿਹਾ ਸੀ। ਦੋਸ਼ੀ ਨੇ ਅੱਗੇ ਦੱਸਿਆ ਕਿ ਜਦੋਂ ਉਹ ਉਕਤ ਸਥਾਨ 'ਤੇ ਪਹੁੰਚਿਆ ਤਾਂ ਕੋਈ ਅਣਪਛਾਤਾ ਵਿਅਕਤੀ ਆਇਆ ਜੋ  ਉਸ ਦੇ ਟਰੱਕ 'ਚ ਨਸ਼ੀਲਾ ਪਦਾਰਥ ਰੱਖ ਕੇ ਚਲਾ ਗਿਆ।

ਉਨ੍ਹਾਂ ਦੱਸਿਆ ਕਿ ਕੁਲਵਿੰਦਰ ਕਿੰਦਾ ਨੇ ਇਹ ਵੀ ਖੁਲਾਸਾ ਕੀਤਾ ਕਿ ਪਹਿਲਾਂ ਰਾਜੇਸ਼ ਕੁਮਾਰ ਦੇ ਕਹਿਣ 'ਤੇ ਉਹ ਜਨਵਰੀ ਮਹੀਨੇ ਸ੍ਰੀਨਗਰ ਉੜੀ ਤੋਂ 10 ਕਿਲੋ ਅਤੇ ਫਿਰ 20 ਕਿਲੋ ਹੈਰੋਇਨ ਦੀਆਂ ਦੋ ਖੇਪਾਂ ਅਤੇ ਇਸ ਸਾਲ ਦਿੱਲੀ ਤੋਂ 1 ਕਿਲੋ ਹੈਰੋਇਨ ਲੈ ਕੇ ਆਇਆ ਸੀ। ਐਸਐਸਪੀ ਨੇ ਦੱਸਿਆ ਕਿ ਪੁਲੀਸ ਟੀਮਾਂ ਵੱਲੋਂ ਮੁਲਜ਼ਮ ਰਾਜੇਸ਼ ਕੁਮਾਰ ਅਤੇ ਸੋਮ ਨਾਥ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਡੀਜੀਪੀ ਗੌਰਵ ਯਾਦਵ ਨੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ਿਆਂ ਅਤੇ ਅਪਰਾਧਾਂ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਦੱਸਣਯੋਗ ਹੈ ਕਿ ਮੁਲਜ਼ਮ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਇੱਕ ਪੇਸ਼ੇਵਰ ਅਪਰਾਧੀ ਹੈ ਅਤੇ ਕਤਲ, ਸੱਟਾਂ ਮਾਰਨ, ਗੈਰ-ਕਾਨੂੰਨੀ ਗਤੀਵਿਧੀਆਂ, ਜਾਅਲਸਾਜ਼ੀ, ਐਨਡੀਪੀਐਸ ਐਕਟ ਅਤੇ ਆਬਕਾਰੀ ਐਕਟ ਸਮੇਤ ਘਿਨਾਉਣੇ ਅਪਰਾਧਾਂ ਦੇ 19 ਤੋਂ ਵੱਧ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਜਦਕਿ ਕੁਲਵਿੰਦਰ ਕਿੰਦਾ ਨੂੰ 3.45 ਕੁਇੰਟਲ ਭੁੱਕੀ ਦੀ ਬਰਾਮਦਗੀ ਸਬੰਧੀ ਨੂਰਮਹਿਲ ਪੁਲਿਸ ਸਟੇਸ਼ਨ ਵਿਖੇ ਦਰਜ ਕੀਤੇ ਗਏ ਐਨ.ਡੀ.ਪੀ.ਐਸ. ਕੇਸ ਵਿੱਚ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।