ਜਲੰਧਰ-ਲੁਧਿਆਣਾ ਸਫ਼ਰ ਹੋਇਆ ਮਹਿੰਗਾ: ਲਾਡੋਵਾਲ ਟੋਲ ਟੈਕਸ 'ਚ ਹੋਇਆ ਵਾਧਾ
ਨਵੀਂਆਂ ਕੀਮਤਾਂ 1 ਸਤੰਬਰ ਤੋਂ ਹੋਣਗੀਆਂ ਲਾਗੂ
ਲੁਧਿਆਣਾ : ਪੰਜਾਬ ਦੇ ਜਲੰਧਰ ਅਤੇ ਲੁਧਿਆਣਾ ਦਾ ਸਫ਼ਰ ਹੁਣ ਮਹਿੰਗਾ ਹੋ ਗਿਆ ਹੈ। ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ 'ਤੇ ਅਦਾ ਕੀਤੇ ਟੋਲ ਟੈਕਸ ਦੇ ਰੇਟ ਵਧਾ ਦਿੱਤੇ ਗਏ ਹਨ। ਨਵੀਆਂ ਕੀਮਤਾਂ 1 ਸਤੰਬਰ ਤੋਂ ਲਾਗੂ ਹੋਣਗੀਆਂ। ਵਨ-ਵੇ ਵਾਹਨਾਂ ਦੇ ਡਰਾਈਵਰਾਂ ਨੂੰ ਹੁਣ 15 ਰੁਪਏ ਹੋਰ ਅਦਾ ਕਰਨੇ ਪੈਣਗੇ। ਦੋਵਾਂ ਪਾਸਿਆਂ ਤੋਂ ਆਉਣ-ਜਾਣ ਵਾਲਿਆਂ ਨੂੰ 25 ਰੁਪਏ ਹੋਰ ਅਦਾ ਕਰਨੇ ਪੈਣਗੇ।
ਦੱਸਣਯੋਗ ਹੈ ਕਿ ਲਾਡੋਵਾਲ ਟੋਲ ਪਲਾਜ਼ਾ ‘ਤੇ ਮੌਜੂਦਾ ਸਮੇਂ ‘ਚ ਇਕ ਕਾਰ ਜੀਪ ਨੂੰ 135 ਰੁਪਏ ਦਾ ਟੋਲ ਦੇਣਾ ਪੈਂਦਾ ਹੈ, ਜੋ ਕਿ 1 ਸਤੰਬਰ ਤੋਂ 150 ਰੁਪਏ ਹੋ ਜਾਵੇਗਾ। ਹਲਕੇ ਵਪਾਰਕ ਵਾਹਨਾਂ ਨੂੰ 235 ਰੁਪਏ ਦੀ ਬਜਾਏ 265 ਰੁਪਏ ਦਾ ਟੋਲ ਦੇਣਾ ਪਵੇਗਾ। ਇਸ ਤਰ੍ਹਾਂ ਹੀ ਇਕ ਸਤੰਬਰ ਤੋਂ ਬੱਸਾਂ ਅਤੇ ਟਰੱਕਾਂ ਨੂੰ 465 ਦੀ ਬਜਾਏ 525 ਰੁਪਏ ਦਾ ਟੋਲ ਦੇਣਾ ਪਵੇਗਾ। ਇਸੇ ਤਰ੍ਹਾਂ ਭਾਰੀ ਵਾਹਨਾਂ ਨੂੰ 750 ਰੁਪਏ ਦੀ ਬਜਾਏ 845 ਰੁਪਏ ਦਾ ਟੋਲ ਦੇਣਾ ਪਵੇਗਾ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਕ ਪਾਸੇ ਦੇ ਸਫ਼ਰ ਲਈ 135 ਰੁਪਏ ਅਤੇ ਦੋਵਾਂ ਪਾਸਿਆਂ ਲਈ 200 ਰੁਪਏ ਦਾ ਖ਼ਰਚਾ ਆਉਂਦਾ ਸੀ। ਮਿੰਨੀ ਬੱਸ ਦਾ ਦੋਵੇਂ ਪਾਸੇ 235 ਅਤੇ 350 ਰੁਪਏ ਦਾ ਖਰਚਾ ਆਉਂਦਾ ਸੀ। ਬੱਸ ਦੇ ਵਨ ਵੇਅ 465 ਅਤੇ ਆਉਣ-ਜਾਣ ਦੇ 700 ਸਨ, ਪਰ ਹੁਣ ਇਨ੍ਹਾਂ ਸਾਰੇ ਰੇਟਾਂ ਦੇ ਵਧਣ ਤੋਂ ਬਾਅਦ ਕੀਮਤਾਂ ਵਧਣਗੀਆਂ, ਜਿਸ ਨਾਲ ਲੋਕਾਂ ਦੀਆਂ ਜੇਬਾਂ 'ਤੇ ਵੀ ਬੋਝ ਵਧੇਗਾ। ਦੱਸ ਦੇਈਏ ਕਿ ਇਹ ਕੀਮਤਾਂ ਸਿਰਫ ਲਾਡੋਵਾਲ ਟੋਲ ਪਲਾਜ਼ਾ 'ਤੇ ਹੀ ਨਹੀਂ ਬਲਕਿ ਪਾਣੀਪਤ ਤੋਂ ਜਲੰਧਰ ਸੈਕਸ਼ਨ ਦੇ ਵਿਚਕਾਰ ਵਾਲੇ ਸਾਰੇ ਟੋਲ ਪਲਾਜ਼ਿਆਂ 'ਤੇ ਉਨ੍ਹਾਂ ਦੀਆਂ ਕੀਮਤਾਂ ਦੇ ਹਿਸਾਬ ਨਾਲ ਵਧ ਰਹੀਆਂ ਹਨ।