ਭਾਰਤ ਦੇ 49ਵੇਂ ਚੀਫ਼ ਜਸਟਿਸ ਬਣੇ ਜਸਟਿਸ ਯੂ.ਯੂ. ਲਲਿਤ, ਰਾਸ਼ਟਰਪਤੀ ਮੁਰਮੂ ਨੇ ਚੁਕਾਈ ਸਹੁੰ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਦੇ 49ਵੇਂ ਚੀਫ਼ ਜਸਟਿਸ ਬਣੇ ਜਸਟਿਸ ਯੂ.ਯੂ. ਲਲਿਤ, ਰਾਸ਼ਟਰਪਤੀ ਮੁਰਮੂ ਨੇ ਚੁਕਾਈ ਸਹੁੰ

image


ਨਵੀਂ ਦਿੱਲੀ, 27 ਅਗੱਸਤ : ਜਸਟਿਸ ਉਦੈ ਉਮੇਸ਼ ਲਲਿਤ ਨੇ ਭਾਰਤ ਦੇ 49ਵੇਂ ਚੀਫ਼ ਜਸਟਿਸ ਵਜੋਂ ਸਨਿਚਰਵਾਰ ਨੂੰ  ਸਹੁੰ ਚੁਕੀ | ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਜਸਟਿਸ ਉਦੈ ਉਮੇਸ਼ ਲਲਿਤ ਨੂੰ  ਭਾਰਤ ਦੇ ਅਗਲੇ ਚੀਫ਼ ਜਸਟਿਸ ਦੇ ਅਹੁਦੇ ਦੀ ਸਹੁੰ ਚੁਕਵਾਈ | ਸੀਜੇਆਈ ਵਜੋਂ ਜਸਟਿਸ ਐਨਵੀ ਰਮੰਨਾ ਦਾ ਕਾਰਜਕਾਲ 26 ਅਗੱਸਤ ਨੂੰ  ਖ਼ਤਮ ਹੋ ਗਿਆ ਸੀ | ਇਸ ਦੌਰਾਨ ਰਾਸਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਹੋਰ ਪਤਵੰਤੇ ਮੌਜੂਦ ਸਨ | ਜਸਟਿਸ ਲਲਿਤ ਨੇ ਸਹੁੰ ਚੁਕਣ ਤੋਂ ਬਾਅਦ ਅਪਣੇ 90 ਸਾਲਾ ਪਿਤਾ ਅਤੇ ਹਾਈ ਕੋਰਟ ਦੇ ਸਾਬਕਾ ਜੱਜ ਉਮੇਸ਼ ਰੰਗਨਾਥ ਲਲਿਤ ਸਮੇਤ ਪ੍ਰਵਾਰ ਦੇ ਹੋਰ ਵੱਡੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ |
ਦੇਸ਼ ਦੇ 49ਵੇਂ ਚੀਫ਼ ਜਸਟਿਸ ਵਜੋਂ ਉਹ ਸਿਰਫ਼ 74 ਦਿਨਾਂ ਲਈ ਸੁਪਰੀਮ ਕੋਰਟ ਦੀ ਅਗਵਾਈ ਕਰਨਗੇ | 65 ਸਾਲ ਦੇ ਹੋਣ 'ਤੇ ਉਹ ਇਸ ਸਾਲ ਅੱਠ ਨਵੰਬਰ ਨੂੰ  ਸੇਵਾਮੁਕਤ ਹੋਣਗੇ | ਜਸਟਿਸ ਲਲਿਤ ਦੇ ਬਾਅਦ ਸੱਭ ਤੋਂ ਸੀਨੀਅਰ ਜੱਜ ਜਸਟਿਸ ਡੀ.ਵਾਈ.ਚੰਦਰਚੂੜ ਅਗਲੇ ਚੀਫ਼ ਜਸਟਿਸ ਹੋ ਸਕਦੇ ਹਨ |
ਚੀਫ਼ ਜਸਟਿਸ ਵਜੋਂ ਜੱਜ ਲਲਿਤ ਦੇ ਕਾਰਜਕਾਲ ਵਿਚ ਸੰਵਿਧਾਨਕ ਬੈਂਚ ਦੇ ਮਾਮਲਿਆਂ ਸਮੇਤ ਕਈ ਹੋਰ ਅਹਿਮ ਮਾਮਲੇ ਚੋਟੀ ਦੀ ਅਦਾਲਤ ਦੇ ਸਾਹਮਣੇ ਸੁਣਵਾਈ ਲਈ ਆਉਣ ਦੀ ਸੰਭਾਵਨਾ ਹੈ | ਸਿਖਰਲੀ ਅਦਾਲਤ ਨੇ ਹਾਲ ਹੀ ਵਿਚ ਨੋਟੀਫ਼ਾਈ ਕੀਤਾ ਸੀ ਕਿ 29 ਅਗੱਸਤ ਤੋਂ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਦੇ ਸਾਹਮਣੇ ਸੂਚੀਬੱਧ 25 ਮਾਮਲਿਆਂ 'ਤੇ ਸੁਣਾਵਾਈ ਸ਼ੁਰੂ ਕੀਤੀ ਜਾਵੇਗੀ |
ਭਾਰਤ ਦੇ ਨਵੇਂ ਚੀਫ਼ ਜਸਟਿਸ ਲਲਿਤ ਕਿ੍ਮੀਨਲ ਲਾਅ ਦੇ ਮਾਹਿਰ ਹਨ | ਉਹ 2ਜੀ ਕੇਸਾਂ ਵਿਚ ਸੀਬੀਆਈ ਦੇ ਵਿਸ਼ੇਸ਼ ਸਰਕਾਰੀ ਵਕੀਲ ਵਜੋਂ ਕੰਮ ਕਰ ਚੁਕੇ ਹਨ | ਉਹ ਲਗਾਤਾਰ ਦੋ ਵਾਰ ਸੁਪਰੀਮ ਕੋਰਟ ਦੀ ਕਾਨੂੰਨੀ ਸੇਵਾਵਾਂ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ | ਬਹੁਤ ਹੀ ਕੋਮਲ ਸੁਭਾਅ ਵਾਲੇ ਉਮੇਸ਼ ਲਲਿਤ ਭਾਰਤ ਦੇ ਇਤਿਹਾਸ ਵਿਚ ਦੂਜੇ ਚੀਫ਼ ਜਸਟਿਸ ਹਨ, ਜੋ ਸੁਪਰੀਮ ਕੋਰਟ ਦੇ ਜੱਜ ਬਣਨ ਤੋਂ ਪਹਿਲਾਂ ਕਿਸੇ ਹਾਈ ਕੋਰਟ ਵਿਚ ਜੱਜ ਨਹੀਂ ਰਹੇ | ਉਹ ਵਕੀਲ ਤੋਂ ਸਿੱਧੇ ਇਸ ਅਹੁਦੇ ਤਕ ਪਹੁੰਚੇ ਹਨ | ਉਨ੍ਹਾਂ ਤੋਂ ਪਹਿਲਾਂ ਦੇਸ਼ ਦੇ 13ਵੇਂ ਚੀਫ਼ ਜਸਟਿਸ ਐਸਐਮ ਸੀਕਰੀ ਨੇ 1971 ਵਿਚ ਇਹ ਉਪਲਬਧੀ ਹਾਸਲ ਕੀਤੀ ਸੀ |
10 ਜਨਵਰੀ 2019 ਨੂੰ  ਜਸਟਿਸ ਉਦੈ ਉਮੇਸ ਲਲਿਤ ਨੇ ਅਯੁਧਿਆ ਮਾਮਲੇ ਦੀ ਸੁਣਵਾਈ ਕਰ ਰਹੇ 5 ਜੱਜਾਂ ਦੇ ਬੈਂਚ ਤੋਂ ਅਪਣੇ ਆਪ ਨੂੰ  ਵੱਖ ਕਰ ਕੇ ਸੁਰਖੀਆਂ ਬਟੋਰੀਆਂ ਸੀ | ਉਨ੍ਹਾਂ ਦਲੀਲ ਦਿਤੀ ਸੀ ਕਿ ਕਰੀਬ 20 ਸਾਲ ਪਹਿਲਾਂ ਉਹ ਅਯੁਧਿਆ ਵਿਵਾਦ ਨਾਲ ਜੁੜੇ ਇਕ ਅਪਰਾਧਿਕ ਮਾਮਲੇ ਵਿਚ ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਵਕੀਲ ਰਹਿ ਚੁੱਕੇ ਸਨ |
ਭਾਰਤ ਦੇ ਨਵੇਂ ਚੀਫ਼ ਜਸਟਿਸ ਲਲਿਤ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਕਈ ਅਹਿਮ ਫ਼ਸਲੇ ਸੁਣਾਏ ਹਨ | ਇਨ੍ਹਾਂ 'ਚੋਂ ਸਭ ਤੋਂ ਮਹੱਤਵਪੂਰਨ ਸਨ ਤਿੰਨ ਤਲਾਕ, ਕੇਰਲ ਦੇ ਪਦਮਨਾਭਸਵਾਮੀ ਮੰਦਰ 'ਤੇ ਤ੍ਰਾਵਣਕੋਰ ਸ਼ਾਹੀ ਪਰਵਾਰ ਦਾ ਦਾਅਵਾ ਅਤੇ ਪੋਕਸੋ ਨਾਲ ਸਬੰਧਤ ਕਾਨੂੰਨ 'ਤੇ ਉਨ੍ਹਾਂ ਨੇ ਫ਼ੈਸਲੇ ਲਏ |       
                           (ਏਜੰਸੀ)