PSPCL ਦਾ ਜੇ.ਈ. 5,000 ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੜਕੀ ਹਾਦਸੇ ’ਚ ਬਸ ਦੀ ਟੱਕਰ ਨਾਲ ਟੁੱਟੇ ਬਿਜਲੀ ਦੇ ਖੰਭਿਆਂ ਦਾ ਮਾਮਲਾ ਰਫ਼ਾ-ਦਫ਼ਾ ਕਰਨ ਲਈ ਰਾਂਸਪੋਰਟ ਕੋਲੋਂ ਮੰਗੀ ਸੀ ਰਿਸ਼ਵਤ

PSPCL's J.E. Satnam Singh Arrested for taking Rs 5,000 bribe

ਬਠਿੰਡਾ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜੀਰੋ ਟਾਲਰੈਂਸ ਦੀ ਨੀਤੀ ਅਤੇ ਚੀਫ ਵਿਜੀਲੈਂਸ ਬਿਉਰੋ ਪੰਜਾਬ ਵੱਲੋਂ ਰਿਸ਼ਵਤਖੋਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸੋਮਵਾਰ ਨੂੰ ਜੇ.ਈ. ਸਤਨਾਮ ਸਿੰਘ ਪੀ.ਐਸ.ਪੀ.ਸੀ.ਐਲ. ਸ੍ਰੀ ਮੁਕਤਸਰ ਸਾਹਿਬ ਨੂੰ 5,000/— ਰੁਪਏ ਦੀ ਰਿਸ਼ਵਤ ਲੈਦਿਆ ਰੰਗੇ ਹੱਥੀ ਕਾਬੂ ਕਰ ਲਿਆ ਹੈ।

ਅੱਜ ਇਥੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਸ੍ਰੀ ਮੁ਼ਕਤਸਰ ਸਾਹਿਬ ਦੇ ਵਾਸੀ ਗੁਰਭੇਜ ਸਿੰਘ ਪੁੱਤਰ ਪੂਰਨ ਸਿੰਘ ਵੱਲੋ ਕੀਤੀ ਸ਼ਿਕਾਇਤ ਦੇ ਆਧਾਰ ਤੇ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਮੁਦੱਈ ਗੁਰਭੇਜ ਸਿੰਘ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਸਦਾ ਦਰਵੇਸ਼ ਬੱਸ ਸਰਵਿਸ ਦੇ ਨਾਮ ਪਰ ਟਰਾਂਸਪੋਰਟ ਦਾ ਕੰਮ ਹੈ।

ਇਸ ਟਰਾਂਸਪੋਰਟ ਦੀ ਇੱਕ ਬੱਸ ਦੀ ਛੱਤ ਮਿਤੀ 07.8.2023 ਨੂੰ  ਆਦੇਸ਼ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੇ ਮੇਨ ਗੇਟ ਦੇ ਬਾਹਰ ਬਿਜਲੀ ਦੀਆਂ ਤਾਰਾਂ ਵਿਚ ਫਸ ਗਈ ਜਿਸ ਕਾਰਨ ਬਿਜਲੀ ਦੇ ਦੋ ਖੰਬੇ ਟੁੱਟ ਗਏ। ਟਰਾਂਸਪੋਰਟ ਕੰਪਨੀ ਵੱਲੋ ਪਬਲਿਕ ਹਿੱਤ ਨੂੰ ਦੇਖਦੇ ਹੋਏ ਦੋਵੇਂ ਖੰਬੇ ਪ੍ਰਾਈਵੇਟ ਤੌਰ 'ਤੇ ਲਗਵਾ ਕੇ ਬਿਜਲੀ ਦੀ ਸਪਲਾਈ ਚਾਲੂ ਕਰਵਾ ਦਿੱਤੀ ਗਈ ਸੀ।

ਮਾਮਲਾ ਰਫਾ ਦਫਾ ਕਰਨ ਲਈ ਅਤੇ ਇਸ ਨੁਕਸਾਨ ਲਈ ਸਰਕਾਰੀ ਪ੍ਰਾਪਰਟੀ ਸਬੰਧੀ ਕੋਈ ਕਾਰਵਾਈ ਨਾ ਕਰਨ ਲਈ ਬਦਲੇ ਦੋਸ਼ੀ ਜੇ.ਈ. ਸਤਨਾਮ ਸਿੰਘ ਵੱਲੋ ਮੁਦੱਈ ਪਾਸੋ 8000/— ਰੁਪਏ ਦੀ ਮੰਗ ਕੀਤੀ ਗਈ ਪਰ ਬਾਅਦ ’ਚ 5000/— ਰੁਪਏ ਲੈਣ ਲਈ ਸਹਿਮਤ ਹੋ ਗਿਆ।

ਇਥੇ ਬੁਲਾਰੇ ਨੇ ਦੱਸਿਆ ਕਿ ਮੁਦੱਈ ਗੁਰਭੇਜ ਸਿੰਘ ਦੀ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਉਰੋ ਬਠਿੰਡਾ ਨੇ ਜਾਲ ਵਿਛਾਇਆ ਤੇ ਜੇ.ਈ. ਸਤਨਾਮ ਸਿੰਘ ਪੀ.ਐਸ.ਪੀ.ਸੀ.ਐਲ. ਸ੍ਰੀ ਮੁਕਤਸਰ ਸਾਹਿਬ ਨੂੰ ਮੁਦੱਈ ਗੁਰਭੇਜ ਸਿੰਘ ਕੋਲੋ 5,000/— ਰੁਪਏ ਦੀ ਰਿਸ਼ਵਤ ਦੀ ਰਕਮ ਹਾਸਲ ਕਰਦਿਆ ਦੋ ਸਰਕਾਰੀ ਗਵਾਹਾ ਦੀ ਹਾਜ਼ਰੀ ਵਿੱਚ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸਬੰਧ ਵਿੱਚ ਉਕਤ ਮੁਲਜ਼ਮ ਖਿਲਾਫ ਵਿਜੀਲੈਂਸ ਬਿਉਰੋ ਦੇ ਥਾਣਾ ਬਠਿੰਡਾ ਰੇਂਜ਼ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।